ਪਾਕਿਸਤਾਨ ''ਚ ਭਾਰੀ ਮੀਂਹ, 7 ਲੋਕਾਂ ਦੀ ਮੌਤ ਤੇ 70 ਤੋਂ ਵੱਧ ਜ਼ਖ਼ਮੀ
Tuesday, Jun 20, 2023 - 11:36 AM (IST)
ਇਸਲਾਮਾਬਾਦ (ਆਈ.ਏ.ਐੱਨ.ਐੱਸ.): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਲੋਕ ਜ਼ਖਮੀ ਹੋ ਗਏ। ਉੱਧਰ ਅਧਿਕਾਰੀਆਂ ਨੇ ਹੋਰ ਤੂਫਾਨ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਦੇਸ਼ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਸੂਬੇ ਵਿੱਚ ਮੰਗਲਵਾਰ ਸਵੇਰ ਤੱਕ ਤੂਫ਼ਾਨ ਅਤੇ ਮੀਂਹ ਦੇ ਇੱਕ ਹੋਰ ਦੌਰ ਦੀ ਸੰਭਾਵਨਾ ਹੈ।
ਅਧਿਕਾਰਤ ਸੂਤਰਾਂ ਮੁਤਾਬਕ ਸੂਬੇ ਦੇ ਬੰਨੂ ਡਿਵੀਜ਼ਨ 'ਚ ਘੱਟੋ-ਘੱਟ 5 ਲੋਕ ਮਾਰੇ ਗਏ ਅਤੇ 67 ਹੋਰ ਜ਼ਖਮੀ ਹੋ ਗਏ, ਜਦਕਿ ਪੇਸ਼ਾਵਰ 'ਚ 2 ਲੋਕ ਮਾਰੇ ਗਏ ਅਤੇ 5 ਹੋਰ ਜ਼ਖਮੀ ਹੋ ਗਏ। ਸੂਬੇ ਦੇ ਬੰਨੂ ਡਿਵੀਜ਼ਨ ਦੇ ਕਮਿਸ਼ਨਰ ਪਰਵੇਜ਼ ਸਬਤਖੇਲ ਨੇ ਮੀਡੀਆ ਨੂੰ ਦੱਸਿਆ ਕਿ ਐਤਵਾਰ ਦੁਪਹਿਰ ਤੋਂ ਡਵੀਜ਼ਨ ਦੇ ਤਿੰਨ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਅਧਿਕਾਰੀ ਨੇ ਕਿਹਾ ਕਿ ਬਚਾਅ ਕਰਨ ਵਾਲੇ ਅਤੇ ਡਾਕਟਰਾਂ ਸਮੇਤ ਪ੍ਰਸ਼ਾਸਨ ਕਰਮਚਾਰੀ ਚੌਕਸ ਹੋ ਗਏ ਹਨ ਅਤੇ ਆਫ਼ਤ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਉਪਲਬਧ ਸਾਧਨ ਮੁਹੱਈਆ ਕਰਵਾਉਣ ਲਈ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੂਨਾਨੀ ਕਿਸ਼ਤੀ ਹਾਦਸੇ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਦੇ 12 ਦੋਸ਼ੀ ਕੀਤੇ ਗ੍ਰਿਫਤਾਰ
ਤੇਜ਼ ਹਵਾਵਾਂ ਦੇ ਨਾਲ ਤੇਜ਼ ਮੀਂਹ ਨੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਇਸ ਖੇਤਰ ਵਿੱਚ ਸ਼ਹਿਰੀ ਹੜ੍ਹ ਅਤੇ ਸੰਚਾਰ ਪ੍ਰਣਾਲੀ ਵਿੱਚ ਵਿਘਨ ਪੈਦਾ ਕੀਤਾ। 10 ਜੂਨ ਨੂੰ ਸ਼ਕਤੀਸ਼ਾਲੀ ਹਨੇਰੀ, ਭਾਰੀ ਮੀਂਹ ਅਤੇ ਗੜਿਆਂ ਦੇ ਪਹਿਲੇ ਪੜਾਅ ਦੌਰਾਨ ਸੂਬੇ ਵਿੱਚ ਘੱਟੋ-ਘੱਟ 27 ਲੋਕ ਮਾਰੇ ਗਏ ਅਤੇ 145 ਹੋਰ ਜ਼ਖਮੀ ਹੋ ਗਏ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।