ਇਟਲੀ ''ਚ ਫਰਜ਼ੀ ਗ੍ਰੀਨ ਪਾਸ ਜਾਰੀ ਕਰਨ ਵਾਲਾ 64 ਸਾਲਾ ਡਾਕਟਰ ਗ੍ਰਿਫ਼ਤਾਰ
Friday, Nov 12, 2021 - 05:22 PM (IST)
ਰੋਮ (ਕੈਂਥ): 15 ਅਕਤੂਬਰ ਤੋਂ ਇਟਲੀ ਭਰ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਗਰੀਨ ਪਾਸ ਲਾਜਮੀ ਹੋਣ ਨਾਲ ਜਿੱਥੇ ਉਹਨਾਂ ਕਾਮਿਆਂ ਨੂੰ ਘਰ ਬੈਠਣਾ ਪਿਆ ਹੈ, ਜਿਹਨਾਂ ਨੇ ਹਾਲੇ ਤੱਕ ਐਂਟੀ ਕੋਵਿਡ-19 ਦਾ ਟੀਕਾ ਨਹੀਂ ਲੁਆਇਆ, ਉੱਥੇ ਗ੍ਰੀਨ ਪਾਸ ਨੂੰ ਲੈਕੇ ਦੇਸ਼ ਭਰ ਵਿੱਚ ਲੋਕਾਂ ਵੱਲੋਂ ਵਿਰੋਧ ਵੀ ਹੋ ਰਿਹਾ ਹੈ। ਅਜਿਹੇ ਲੋਕਾਂ ਵਿੱਚ ਵਿਦੇਸ਼ੀਆਂ ਦੀ ਵੀ ਵੱਡੀ ਗਿਣਤੀ ਹੈ।ਗਰੀਨ ਪਾਸ ਨਾ ਹੋਣ ਕਾਰਨ ਕੰਮ ਤੋਂ ਬੇਰੁਜ਼ਗਾਰ ਹੋਏ ਕਾਮਿਆਂ ਦੀ ਇਸ ਮਜ਼ਬੂਰੀ ਦਾ ਫਾਇਦਾ ਇਟਲੀ ਦੇ ਸ਼ਹਿਰ ਰਾਵੇਨਾ ਦੇ 64 ਸਾਲਾ ਇੱਕ ਡਾਕਟਰ ਨੇ ਚੁੱਕਿਆ, ਜਿਸ ਨੇ 79 ਉਹਨਾਂ ਕਾਮਿਆਂ ਨੂੰ ਫਰਜ਼ੀ ਗਰੀਨ ਪਾਸ ਬਣਾ ਕੇ ਦਿੱਤੇ, ਜਿਹਨਾਂ ਨੂੰ ਗਰੀਨ ਪਾਸ ਨਾ ਹੋਣ ਕਾਰਨ ਕੰਮ ਤੋਂ ਨਾਂਹ ਹੋ ਚੁੱਕੀ ਸੀ।
ਇਸ ਗੋਰਖ ਧੰਦੇ ਦਾ ਖੁਲਾਸਾ ਕਰਦਿਆਂ ਇਟਲੀ ਦੀ ਪੁਲਸ ਨੇ ਕਿਹਾ ਕਿ ਇਸ 64 ਸਾਲ ਦੇ ਡਾਕਟਰ ਨੇ ਜੋ ਕੀਤਾ ਉਹ ਅਪਰਾਧ ਹੈ ਜਿਸ ਕਾਰਨ ਉਸ ਵਿਰੁੱਧ ਧੋਖਾਧੜੀ, ਗਬਨ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ।ਗ੍ਰਿਫ਼ਤਾਰ ਕੀਤੇ ਡਾਕਟਰ ਤੋਂ ਇਲਾਵਾ ਪੁਲਸ ਨੂੰ ਇੱਕ ਪੁਲਸ ਅਧਿਕਾਰੀ ਅਤੇ ਕੁਝ ਹੋਰ ਲੋਕਾਂ ਦੀ ਇਸ ਗੋਰਖ ਧੰਦੇ ਵਿੱਚ ਸ਼ਮੂਲੀਅਤ ਦਾ ਸ਼ੱਕ ਹੈ, ਜਿਹਨਾਂ ਦੀ ਜਾਂਚ ਜਾਰੀ ਹੈ।ਜਿਹੜੇ ਲੋਕਾਂ ਨੇ ਇਸ ਡਾਕਟਰ ਤੋਂ ਫਰਜ਼ੀ ਗਰੀਨ ਪਾਸ ਲਏ ਉਹਨਾਂ ਲੋਕਾਂ ਨੂੰ ਵੀ ਕਾਨੂੰਨ ਨਾਲ ਖਿਲਵਾੜ ਕਰਨ ਲਈ ਖਮਿਆਜਾ ਭੁਗਤਣਾ ਪੈ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮਿਆਂਮਾਰ 'ਚ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ 11 ਸਾਲ ਦੀ ਸਜ਼ਾ
ਇੱਥੇ ਦੱਸ ਦਈਏ ਕਿ ਇਟਲੀ ਦਾ ਸਿਹਤ ਵਿਭਾਗ ਦਿਨ-ਰਾਤ ਕੋਵਿਡ-19 ਨੂੰ ਦੇਸ਼ ਵਿੱਚੋ ਜੜ੍ਹੋਂ ਖਤਮ ਕਰਨ ਲਈ ਲੜਾਈ ਲੜ੍ਹ ਰਿਹਾ ਹੈ।ਹੁਣ ਤੱਕ ਦੇਸ਼ ਭਰ ਵਿੱਚ ਸਰਕਾਰ ਵੱਲੋਂ 73% ਤੋਂ ਉਪੱਰ ਆਬਾਦੀ ਨੂੰ ਐਂਟੀ ਕੋਵਿਡ-19 ਦੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਬਾਕੀਆਂ ਨੂੰ ਖੁਰਾਕ ਦੇਣ ਦੀ ਕਾਰਵਾਈ ਚੱਲ ਰਹੀ ਹੈ। ਉੱਧਰ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸੰਜੀਦਗੀ ਨਾਲ ਸਮਝਦੇ ਹੋਏ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੀ ਹੈ। ਉਹ ਚਾਹੇ ਗਰੀਨ ਪਾਸ ਹੋਵੇ ਜਾਂ ਐਂਟੀ ਕੋਵਿਡ-19 ਦੇ ਟੀਕੇ ਦੀ ਤੀਸਰੀ ਖੁਰਾਕ।