ਸੂਡਾਨ ’ਚ ਫਸੇ 62 ਭਾਰਤੀ, ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ, ਰੋਜ਼ੀ-ਰੋਟੀ ਲਈ ਹੋਏ ਮੁਹਤਾਜ
Thursday, Dec 30, 2021 - 05:56 PM (IST)
ਇੰਟਰਨੈਸ਼ਨਲ ਡੈਸਕ : ਸੂਡਾਨ ’ਚ 62 ਭਾਰਤੀ ਫਸ ਗਏ ਹਨ ਤੇ ਉਹ ਰੋਜ਼ੀ-ਰੋਟੀ ਤੋਂ ਵੀ ਮੋਹਤਾਜ ਹਨ। ਇਹ ਲੋਕ ਦੇਸ਼ ਦੇ ਸਭ ਤੋਂ ਵੱਡੇ ਸਿਰੇਮਿਕ ਟਾਈਲ ਨਿਰਮਾਤਾਵਾਂ ’ਚੋਂ ਇਕ ਨੋਬਲਸ ਗਰੁੱਪ ਲਈ ਕੰਮ ਕਰਦੇ ਸਨ ਪਰ ਇਨ੍ਹਾਂ ਦੇ ਇਥੇ ਪਹੁੰਚਣ ਤੋਂ ਬਾਅਦ ਹੀ ਇਨ੍ਹਾਂ ਦਾ ਜੀਵਨ ਦੁੱਭਰ ਹੋ ਗਿਆ ਹੈ। ਇਕ ਰਿਪੋਰਟ ਦੇ ਅਨੁਸਾਰ ਇਨ੍ਹਾਂ ਲੋਕਾਂ ਨੂੰ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਤੇ ਪਾਸਪੋਰਟ ਵੀ ਖੋਹ ਲਏ ਗਏ ਹਨ। ਇਨ੍ਹਾਂ ਕੋਲ ਜਿਹੜੇ ਪੈਸੇ ਸਨ, ਉਹ ਵੀ ਖ਼ਤਮ ਹੋ ਰਹੇ ਹਨ। ਇਨ੍ਹਾਂ ਭਾਰਤੀਆਂ ਲਈ ਮੁਸ਼ਕਿਲਾਂ ਹੋਰ ਵਧ ਗਈਆਂ, ਜਦੋਂ ਅਕਤੂਬਰ ’ਚ ਦੇਸ਼ ਵਿਚ ਫੌਜੀ ਤਖਤਾਪਲਟ ਹੋ ਗਿਆ। ਅਜਿਹੀ ਹਾਲਤ ’ਚ ਇਨ੍ਹਾਂ ਲੋਕਾਂ ਨੇ ਮਦਦ ਮੰਗੀ ਹੈ। ਰਾਜਧਾਨੀ ਖਾਰਤੂਮ ਦੇ ਬਾਹਰੀ ਇਲਾਕੇ ’ਚ ਅਲਬਾਗੇਰ ਉਦਯੋਗਿਕ ਖੇਤਰ ’ਚ ਸਥਿਤ ਅਲ ਮਾਸਾ ਚੀਨੀ ਮਿੱਟੀ ਦੇ ਬਰਤਨ ਕਾਰਖਾਨੇ ’ਚ ਇਕ ਭਾਰਤੀ ਕਰਮਚਾਰੀ ਨੇ ਦੱਸਿਆ ਕਿ ਮੈਨੂੰ ਇਕ ਸਾਲ ਤੋਂ ਮੇਰੀ ਤਨਖਾਹ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਕੈਨੇਡਾ 'ਚ 3 ਭਾਰਤੀਆਂ ਨੂੰ ਮਿਲਿਆ ਵੱਡਾ ਮਾਣ, ‘ਆਰਡਰ ਆਫ ਕੈਨੇਡਾ’ ਨਾਲ ਸਨਮਾਨਿਤ
ਉਹ ਸਾਨੂੰ ਲੋੜੀਂਦਾ ਭੋਜਨ ਨਹੀਂ ਦਿੰਦੇ । ਇਸ ਕੰਪਨੀ ਵਿਚ 25 ਲੋਕ ਕੰਮ ਕਰ ਰਹੇ ਹਨ ਤੇ ਸਾਡੇ ’ਚੋਂ ਕਿਸੇ ਨੂੰ ਵੀ ਤਨਖਾਹ ਨਹੀਂ ਮਿਲੀ ਹੈ। ਇਥੇ ਕੰਮ ਕਰਨ ਵਾਲੇ 41 ਭਾਰਤੀ ਨਾਗਰਿਕਾਂ ਨੂੰ ਤਕਰੀਬਨ ਇਕ ਸਾਲ ਤੋਂ ਤਨਖਾਹ ਨਹੀਂ ਮਿਲੀ ਹੈ। ਸੂਡਾਨ ’ਚ ਨੋਬਲਸ ਗਰੁੱਪ ਦੇ ਏਕਾਧਿਕਾਰ ਵਾਲੇ ਇਨ੍ਹਾਂ ਕਾਰਖਾਨਿਆਂ ’ਚ ਕੰਮ ਕਰਨ ਲਈ ਭਰਤੀ ਕੀਤੇ ਗਏ ਭਾਰਤ ਦੇ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਰੋਜ਼ਮੱਰਾ ਦੀਆਂ ਜ਼ਰੂਰਤਾਂ ਤੇ ਬਿੱਲਾਂ ਦੇ ਭੁਗਤਾਨ ਲਈ ਉਨ੍ਹਾਂ ਦੀ ਤਨਖਾਹ ਉੱਤੇ ਨਿਰਭਰ ਸਨ। ਕੰਪਨੀ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਭੁਗਤਾਨ ਬੰਦ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਸੰਘਰਸ਼ ਕਰਨਾ ਪੈ ਰਿਹਾ ਹੈ।