ਕੋਰੋਨਾ ਵਾਇਰਸ : ਪਿਛਲੇ ਮਹੀਨੇ ਆਸਟ੍ਰੇਲੀਆ ਵਿਚ 6 ਲੱਖ ਲੋਕ ਹੋਏ ਬੇਰੋਜ਼ਗਾਰ
Thursday, May 14, 2020 - 01:32 PM (IST)
ਸਿਡਨੀ- ਆਸਟ੍ਰੇਲੀਆ ਦੇ ਸਰਕਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਵਿਚ ਹਜ਼ਾਰਾਂ ਵਪਾਰਕ ਅਧਾਰੇ ਬੰਦ ਹੋਣ ਕਾਰਨ ਲਗਭਗ 6 ਲੱਖ ਲੋਕਾਂ ਨੇ ਆਪਣੀ ਨੌਕਰੀ ਗੁਆਈ ਹੈ। ਦਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਦੇ ਅੰਕੜਿਆਂ ਮੁਤਾਬਕ ਮਾਰਚ ਅਤੇ ਅਪ੍ਰੈਲ ਵਿਚਕਾਰ ਕੋਰੋਨਾ ਵਾਇਰਸ ਕਾਰਨ 5,94,300 ਲੋਕਾਂ ਨੂੰ ਆਪਣੀ ਨੌਕਰੀ ਗੁਆਉਣੀ ਪਈ। ਇਸ ਕਾਰਨ ਬੇਰੋਜ਼ਗਾਰੀ ਦੀ ਦਰ 5.2 ਫੀਸਦੀ ਤੋਂ ਵੱਧ ਕੇ ਹੁਣ 6.2 ਫੀਸਦੀ ਤੱਕ ਪੁੱਜ ਗਈ ਹੈ। ਇਸੇ ਤਰ੍ਹਾਂ ਮਾਰਚ ਤੋਂ ਅਪ੍ਰੈਲ ਵਿਚਕਾਰ ਘੰਟਿਆਂ ਮੁਤਾਬਕ ਨੌਕਰੀ ਕਰਨ ਦੀ ਦਰ ਵੀ 9.2 ਫੀਸਦੀ ਘੱਟ ਗਈ ਹੈ।
ਲਗਭਗ 2.7 ਮਿਲੀਅਨ ਲੋਕ ਜਾਂ 20 ਫੀਸਦੀ ਕਰਮਚਾਰੀ ਜਾਂ ਤਾਂ ਬੇਰੋਜ਼ਗਾਰ ਹੋ ਗਏ ਹਨ ਤੇ ਜਾਂ ਫਿਰ ਉਨ੍ਹਾਂ ਨੂੰ ਕੰਮ ਦੇ ਘੰਟੇ ਘਟਾਉਣੇ ਪਏ ਹਨ। ਇਹ ਅੰਕੜੇ ਪਿਛਲੇ ਸਾਲਾਂ ਨਾਲੋਂ ਸਭ ਤੋਂ ਵੱਧ ਹਨ। ਇਸ ਅੰਕੜੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਇਹ ਆਸਟ੍ਰੇਲੀਆ ਲਈ ਬਹੁਤ ਮੁਸ਼ਕਲ ਸਮਾਂ ਹੈ ਪਰ ਉਨ੍ਹਾਂ ਉਮੀਦ ਜਤਾਈ ਕਿ ਦੇਸ਼ ਮੁੜ ਲੀਹ 'ਤੇ ਆਵੇਗਾ।
ਉਨ੍ਹਾਂ ਕੈਨਬਰਾ ਵਿਚ ਪ੍ਰੈੱਸ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਇਹ ਦਿਨ ਆਸਟ੍ਰੇਲੀਆ ਲਈ ਬਹੁਤ ਮੁਸ਼ਕਲ ਵਾਲਾ ਹੈ ਕਿਉਂਕਿ ਲਗਭਗ 6 ਲੱਖ ਆਸਟ੍ਰੇਲੀਅਨ ਬੇਰੋਜ਼ਗਾਰ ਹੋ ਗਏ ਹਨ। ਇਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜੁਲਾਈ ਤੱਕ ਕੋਰੋਨਾ ਕਾਰਨ ਲਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦੇਣ ਦਾ ਵਿਚਾਰ ਹੋ ਰਿਹਾ ਹੈ ਅਤੇ ਇਸ ਦੌਰਾਨ 8 ਲੱਖ 50 ਹਜ਼ਾਰ ਨੌਕਰੀਆਂ ਮੁੜ ਪੈਦਾ ਹੋ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਬੇਹੱਦ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ ਤਾਂ ਕਿ ਦੇਸ਼ ਕੋਰੋਨਾ ਨੂੰ ਹਰਾ ਕੇ ਮੁੜ ਤਰੱਕੀ ਦੀ ਰਾਹ 'ਤੇ ਤੁਰ ਸਕੇ।