ਸਕਾਟਲੈਂਡ ਦੇ ਪਾਣੀਆਂ ’ਚ ਡੁੱਬਣ ਕਾਰਨ ਇਕ ਹਫਤੇ ’ਚ ਹੋਈਆਂ 6 ਮੌਤਾਂ

07/26/2021 6:31:44 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਪਾਰਕਾਂ, ਨਦੀਆਂ ਆਦਿ ਦੇ ਪਾਣੀਆਂ ’ਚ ਇੱਕ ਹਫਤੇ ਦੌਰਾਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਤਾਜ਼ਾ ਘਟਨਾ ’ਚ ਇੱਕ 13 ਸਾਲਾ ਲੜਕਾ ਦੱਖਣੀ ਲਨਾਰਕਸ਼ਾਇਰ ’ਚ ਪਾਣੀ ’ਚ ਡੁੱਬਣ ਕਾਰਨ ਇਸ ਹਫਤੇ ’ਚ ਮਰਨ ਵਾਲਾ ਛੇਵਾਂ ਪੀੜਤ ਬਣ ਗਿਆ ਹੈ। ਪਾਣੀ ’ਚ ਕਿਸੇ ਵਿਅਕਤੀ ਦੇ ਹੋਣ ਸਬੰਧੀ ਸ਼ਨੀਵਾਰ ਸ਼ਾਮ 5.55 ਵਜੇ ਲਾਨਾਰਕ ਨੇੜੇ ਐਮਰਜੈਂਸੀ ਸੇਵਾਵਾਂ ਨੂੰ ਹੇਜ਼ਲਬੈਂਕ ਵਿਖੇ ਬੁਲਾਇਆ ਗਿਆ। ਪੁਲਸ ਨੇ ਦੱਸਿਆ ਕਿ ਮਲਟੀ-ਏਜੰਸੀ ਦੀ ਮੁਹਿੰਮ ਚਲਾ ਕੇ ਨਦੀ ’ਚੋਂ ਇੱਕ ਲਾਸ਼ ਬਰਾਮਦ ਕੀਤੀ ਗਈ, ਜੋ ਇੱਕ 13 ਸਾਲਾ ਲੜਕੇ ਦੀ ਸੀ।

ਪੁਲਸ ਅਨੁਸਾਰ ਇਸ ਹਫਤੇ ਦੌਰਾਨ ਸਕਾਟਲੈਂਡ ਦੇ ਪਾਣੀਆਂ ’ਚ ਤਕਰੀਬਨ ਛੇ ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ ਮੌਤਾਂ ਦੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਅਰਗੀਲ ਅਤੇ ਬਿਊਟ ’ਚ ਪਲਪਿਟ ਰੌਕ ਦੇ ਨਜ਼ਦੀਕ ਪਾਣੀ ’ਚ ਡੁੱਬਣ ਨਾਲ ਇੱਕ 41 ਸਾਲਾ ਆਦਮੀ, 29 ਸਾਲਾ ਔਰਤ ਅਤੇ 9 ਸਾਲਾ ਲੜਕੇ ਦੀ ਸ਼ਨੀਵਾਰ ਨੂੰ ਮੌਤ ਹੋਈ। ਇਸ ਘਟਨਾ ਤੋਂ ਬਾਅਦ ਇੱਕ 7 ਸਾਲ ਦਾ ਲੜਕਾ ਇਸ ਸਮੇਂ ਗਲਾਸਗੋ ’ਚ ਰਾਇਲ ਹਸਪਤਾਲ ਫਾਰ ਚਿਲਡ੍ਰਨ ’ਚ ਗੰਭੀਰ ਦੇਖਭਾਲ ’ਚ ਹੈ। ਇਸ ਤੋਂ ਇਲਾਵਾ ਦੱਖਣੀ ਲਾਨਾਰਕਸ਼ਾਇਰ ਦੇ ਸਟੋਨ ਹਾਊਸ ’ਚ ਸ਼ਨੀਵਾਰ ਦੁਪਹਿਰ ਨੂੰ ਹੈਮਿਲਟਨ ਮੈਮੋਰੀਅਲ ਪਾਰਕ ’ਚ ਇੱਕ 11 ਸਾਲਾ ਲੜਕੇ ਨੂੰ ਨਦੀ ’ਚੋਂ ਕੱਢਣ ਤੋਂ ਬਾਅਦ ਉਸ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਅਤੇ ਲੋਚ ਲੋਮੰਡ ਦੇ ਦੱਖਣੀ ਸਿਰੇ ’ਤੇ ਬੱਲੋਚ ਕੰਟਰੀ ਪਾਰਕ ਵਿਖੇ ਸ਼ੁੱਕਰਵਾਰ ਨੂੰ ਵੀ ਇੱਕ 16 ਸਾਲਾ ਲੜਕੇ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ ਸੀ। ਇਨ੍ਹਾਂ ਮੌਤਾਂ ਸਬੰਧੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਸਕਾਟਲੈਂਡ ਦੇ ਪਾਣੀਆਂ ’ਚ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ।


Manoj

Content Editor

Related News