ਅਲਬਰਟਾ ''ਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਵਧੇ, ਸੂਬਾ ਲਗਾ ਸਕਦੈ ਨਵੀਆਂ ਪਾਬੰਦੀਆਂ
Tuesday, Feb 02, 2021 - 01:20 PM (IST)
ਅਲਬਰਟਾ- ਕੈਨੇਡਾ ਦੇ ਸੂਬੇ ਅਲਬਰਟਾ ਦੀ ਉੱਚ ਸਿਹਤ ਅਧਿਕਾਰੀ ਡਾਕਟਰ ਹਿਨਸ਼ਾਅ ਨੇ ਦੱਸਿਆ ਕਿ ਸੂਬੇ ਵਿਚ ਕੋਰੋਨਾ ਦੇ ਨਵੇਂ ਰੂਪ ਦੇ ਮਾਮਲੇ ਦਰਜ ਹੋਏ ਹਨ ਤੇ ਇਸ ਲਈ ਇਨ੍ਹਾਂ ਨੂੰ ਕਾਬੂ ਕਰਨ ਲਈ ਸੂਬੇ ਨੂੰ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ।
ਡਾ. ਹਿਨਸ਼ਾਅ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਦੇ ਨਵੇਂ ਰੂਪ ਦੇ ਮਾਮਲੇ 37 ਤੋਂ 51 ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਤੋਂ ਬਾਅਦ ਸੂਬੇ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਦਰਜ ਹੋ ਰਹੇ ਹਨ। ਇਨ੍ਹਾਂ ਵਿਚੋਂ ਕਈ ਮਾਮਲੇ ਯਾਤਰਾ ਕਰਨ ਵਾਲੇ ਲੋਕਾਂ ਵਿਚੋਂ ਪਾਏ ਗਏ ਹਨ।
ਸਿਹਤ ਅਧਿਕਾਰੀ ਹੋਰ ਲੋਕਾਂ ਦੀ ਵੀ ਜਾਂਚ ਕਰ ਰਹੇ ਹਨ ਤੇ ਲੱਗਦਾ ਹੈ ਕਿ ਇਸ ਨਵੇਂ ਵਾਇਰਸ ਦੇ ਮਾਮਲੇ ਹੋਰ ਵੱਧ ਸਕਦੇ ਹਨ। ਅਧਿਕਾਰੀਆਂ ਮੁਤਾਬਕ 45 ਮਾਮਲਿਆਂ ਵਿਚੋਂ ਕੁਝ ਲੋਕ ਵਿਦੇਸ਼ ਯਾਤਰਾ ਕਰਕੇ ਆਏ ਸਨ ਜਦਕਿ ਕੁਝ ਉਨ੍ਹਾਂ ਦੇ ਸੰਪਰਕ ਵਿਚ ਆਉਣ ਮਗਰੋਂ ਬੀਮਾਰ ਹੋਏ ਹਨ। ਅਲਬਰਟਾ ਦੀਆਂ ਲੈਬ ਹਰ ਰੋਜ਼ 300 ਲੋਕਾਂ ਦਾ ਟੈਸਟ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਅਲਬਰਟਾ ਸੂਬੇ ਨੇ ਹਾਲ ਹੀ ਵਿਚ ਲੋਕਾਂ ਨੂੰ ਕੋਰੋਨਾ ਸਬੰਧੀ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ ਤੇ ਇਸ ਸਮੇਂ ਸੂਬੇ ਵਿਚ 7,387 ਕਿਰਿਆਸ਼ੀਲ ਮਾਮਲੇ ਦਰਜ ਹਨ। ਸੂਬੇ ਦੀ ਕੋਰੋਨਾ ਪਾਜ਼ੀਟਿਵ ਦਰ 4.9 ਫ਼ੀਸਦੀ ਹੈ।