ਇਟਲੀ ''ਚ 5 ਲੱਖ ਗੈਰ-ਕਾਨੂੰਨੀ ਪ੍ਰਵਾਸੀ ਹੋਣਗੇ ਪੱਕੇ ਪਰ ਇਨ੍ਹਾਂ ਭਾਰਤੀ ਕਾਮਿਆਂ ਦੇ ਮੁਰਝਾਏ ਚਿਹਰੇ
Thursday, May 14, 2020 - 02:02 PM (IST)
ਰੋਮ/ਮਿਲਾਨ, (ਦਲਵੀਰ ਕੈਂਥ,ਸਾਬੀ ਚੀਨੀਆ)- ਇਟਲੀ ਸਰਕਾਰ ਦੀ ਗ੍ਰਹਿ ਮੰਤਰੀ ਮੈਡਮ ਲੁਚਾਨਾ ਲਾਮੋਰਜੇਸੇ ਅਤੇ ਖੇਤੀ-ਬਾੜੀ ਮੰਤਰੀ ਮੈਡਮ ਤੇਰੇਜਾ ਬੈਲਾਨੋਵਾ ਵੱਲੋਂ ਕੀਤੀ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਆਖਰ ਇਟਲੀ ਦੇ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਉਹ ਖੁਸ਼ੀ ਦਾ ਸਮਾਂ ਆ ਹੀ ਗਿਆ ਹੈ ਜਿਸ ਦਾ ਪਿਛਲੇ 8 ਸਾਲਾਂ ਤੋਂ ਇੰਤਜ਼ਾਰ ਸੀ। ਇਟਲੀ ਦੀ ਗਠਜੋੜ ਸਰਕਾਰ ਨੇ ਇਟਲੀ ਦੇ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪੇਪਰ ਦੇਣ ਲਈ ਅੱਜ ਪੂਰੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਸਰਕਾਰ ਖੇਤੀ-ਬਾੜੀ ਅਤੇ ਘਰੇਲੂ ਕੰਮਾਂ ਨਾਲ ਸੰਬਧੀ ਗੈਰ-ਕਾਨੂੰਨੀ ਕਾਮਿਆਂ ਨੂੰ 6 ਮਹੀਨੇ ਦੀ ਨਿਵਾਸ ਆਗਿਆ ਦੇਵੇਗੀ। ਜੇਕਰ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਕੋਲ ਕੋਈ ਪੱਕਾ ਮਾਲਕ ਨਹੀਂ ਵੀ ਹੈ ਤਾਂ ਵੀ ਇਹ ਲੋਕ ਸਿੱਧਾ ਸਰਕਾਰੀ ਖਜ਼ਾਨੇ ਵਿੱਚ ਟੈਕਸ ਜਮ੍ਹਾਂ ਕਰਵਾ ਕੇ 6 ਮਹੀਨੇ ਦੀ ਨਿਵਾਸ ਆਗਿਆ ਲੈ ਸਕਦੇ ਹਨ ਤੇ ਆਉਣ ਵਾਲੇ 6 ਮਹੀਨਿਆਂ ਵਿੱਚ ਆਪਣੇ ਲਈ ਕੋਈ ਕੰਮ ਵਾਲਾ ਪੱਕਾ ਮਾਲਕ ਲੱਭ ਕੇ ਆਪਣੀ ਨਿਵਾਸ ਆਗਿਆ ਨੂੰ ਵਧਾ ਸਕਦੇ ਹਨ।
5 ਲੱਖ ਕਾਮੇ ਹੋਣਗੇ ਪੱਕੇ-
ਇਨ੍ਹਾਂ ਪੇਪਰਾਂ ਲਈ ਬਿਨੈਕਰਤਾ ਨੇ 400 ਯੂਰੋ ਟੈਕਸ ਸਰਕਾਰੀ ਖ਼ਜ਼ਾਨੇ ਵਿੱਚ ਜਮਾਂ ਕਰਵਾਉਣਾ ਜ਼ਰੂਰੀ ਹੈ। ਸਰਕਾਰ ਦੀ ਇਸ ਸਕੀਮ ਨਾਲ ਜਿੱਥੇ 5 ਲੱਖ ਗ਼ੈਰ-ਕਾਨੂੰਨੀ ਪ੍ਰਵਾਸੀ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰ ਸਕਣਗੇ, ਉੱਥੇ ਸਰਕਾਰ ਦੀ ਡਗਮਗਾ ਅਰਥ-ਵਿਵਸਥਾ ਨੂੰ ਵੀ ਵੱਡਾ ਸਹਾਰਾ ਮਿਲੇਗਾ। ਸਰਕਾਰੀ ਖ਼ਜ਼ਾਨੇ ਵਿੱਚ 91.56 ਮਿਲੀਅਨ ਯੂਰੋ ਆਉਣ ਦੀ ਆਸ ਪ੍ਰਗਟਾਈ ਜਾ ਰਹੀ ਹੈ।ਸਰਕਾਰ ਵੱਲੋਂ ਪੇਪਰ ਭਰਨ ਲਈ 1 ਜੂਨ ਤੋਂ 15 ਜੁਲਾਈ 2020 ਤੱਕ ਸਮਾਂ ਐਲਾਨ ਕਰ ਦਿੱਤਾ ਗਿਆ ਹੈ ।
ਕੁੱਝ ਭਾਰਤੀਆਂ ਦੇ ਉੱਤਰੇ ਚਿਹਰੇ-
ਇਟਲੀ ਸਰਕਾਰ ਦੇ ਇਸ ਐਲਾਨ ਨਾਲ ਉਨ੍ਹਾਂ ਤਮਾਮ ਕਾਮਿਆਂ ਦੇ ਚਿਹਰੇ ਖਿੜ੍ਹ ਗਏ ਹਨ, ਜਿਨ੍ਹਾਂ ਨੇ ਕਈ-ਕਈ ਸਾਲਾਂ ਤੋਂ ਆਪਣੇ ਪਰਿਵਾਰ ਦਾ ਮੂੰਹ ਨਹੀਂ ਦੇਖਿਆ ਪਰ ਉਹ ਗੈਰ-ਕਾਨੂੰਨੀ ਭਾਰਤੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੈ ਜਾਂ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਲੰਘ ਚੁੱਕੀ ਹੈ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਰਾਹੀਂ ਉਨ੍ਹਾਂ ਸਭ ਭਾਰਤੀਆਂ ਨੇ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇ।
ਭਾਰਤੀ ਅੰਬੈਂਸੀ ਰੋਮ ਕਰ ਰਹੀ ਕੰਮ-
ਇਸ ਸੰਬਧੀ ਜਦੋਂ ਭਾਰਤੀ ਅੰਬੈਂਸੀ ਰੋਮ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਕਾਰਵਾਈ ਉਪੱਰ ਕੰਮ ਕਰ ਰਹੇ ਹਨ ਤੇ 1-2 ਦਿਨਾਂ ਵਿੱਚ ਸਪੱਸ਼ਟ ਕਰ ਦੇਣਗੇ ।ਇਟਲੀ ਸਰਕਾਰ ਦੇ ਪੇਪਰ ਖੋਲ੍ਹਣ ਦੇ ਐਲਾਨ ਨਾਲ ਅਖੌਤੀ ਠੱਗ ਏਜੰਟਾਂ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਨਾਲ ਕਿਸੇ ਨੂੰ ਪੇਪਰ ਮਿਲਣ ਜਾਂ ਨਾ ਮਿਲਣ ਪਰ ਇਨ੍ਹਾਂ ਲੋਕਾਂ ਦੀਆਂ ਜੇਬਾਂ ਜ਼ਰੂਰ ਭਰਨਗੀਆਂ ।