ਕਿਡਨੀ ਗੈਂਗ ਦੇ 5 ਮੈਂਬਰ ਗ੍ਰਿਫਤਾਰ, ਭਾਰਤ ''ਚ ਕਰਦੇ ਸਨ ਤਸਕਰੀ
Monday, Jul 30, 2018 - 04:50 PM (IST)

ਕਾਠਮੰਡੂ (ਏਜੰਸੀ)- ਪੰਜ ਨੇਪਾਲੀ ਨਾਗਰਿਕਾਂ ਨੂੰ ਕਿਡਨੀ ਵਪਾਰ ਦੇ ਗਿਰੋਹ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਪੰਜੋ ਨੇਪਾਲ ਦੇ ਨਾਗਰਿਕ ਪਿੰਡ ਦੇ ਲੋਕਾਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਆਪਣੀ ਕਿਡਨੀ ਵੇਚਣ ਲਈ ਮਨਾਉਂਦੇ ਸਨ ਬਾਅਦ ਵਿਚ ਉਨ੍ਹਾਂ ਦੀ ਕਿਡਨੀ ਅਤੇ ਭਾਰਤ ਵਿਚ ਤਸਕਰੀ ਕਰਦੇ ਸਨ।
ਡੀ.ਐਸ.ਪੀ. ਪ੍ਰਭੂ ਪ੍ਰਸਾਦ ਢਕਾਲ ਨੇ ਦੱਸਿਆ ਕਿ ਚਿਤਵਨ ਜ਼ਿਲਾ ਪੁਲਸ ਨੇ ਚਿਤਵਨ, ਕਾਠਮੰਡੂ ਅਤੇ ਰਸੂਆ ਜ਼ਿਲਿਆਂ ਤੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹ ਗਲੀਬਲ ਪਿੰਡ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹ ਸਭ ਤੋਂ ਪਹਿਲਾਂ ਝੂਠੇ ਵਾਅਦਿਆਂ ਦੇ ਨਾਲ ਉਨ੍ਹਾਂ ਨੂੰ ਆਪਣੇ ਭਰੋਸੇ ਵਿਚ ਲੈਂਦੇ ਸਨ। ਇਸ ਤੋਂ ਬਾਅਦ ਉਹ ਉਨ੍ਹਾਂ ਦੀ ਕਿਡਨੀ ਨੂੰ ਕੱਢਵਾ ਕੇ ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਹਸਪਤਾਲਾਂ ਵਿਚ ਤਸਕਰੀ ਕਰਦੇ ਸਨ।
ਡੀ.ਐਸ.ਪੀ. ਨੇ ਦੱਸਿਆ ਕਿ ਉਹ ਅਜਿਹੇ ਲੋਕਾਂ ਨੂੰ ਲੱਭਣ ਅਤੇ ਤਸਕਰਾਂ ਤੱਕ ਉਨ੍ਹਾਂ ਨੂੰ ਪਹੁੰਚਾਉਣ ਲਈ 50,000 ਤੋਂ 1 ਲੱਖ ਤੱਕ ਦੀ ਕਮਿਸ਼ਨ ਲੈਂਦੇ ਸਨ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਚਿਤਵਨ ਜ਼ਿਲਾ ਪੁਲਸ ਦਫਤਰ ਨੇ ਮੈਡੀਕਲ ਰਿਸਪਾਂਸ ਦੇ 7 ਮੈਂਬਰਾਂ ਦੀ ਇਕ ਟੀਮ ਨੂੰ ਸਿਹਤ ਸਬੰਧੀ ਅਪਰਾਧਕ ਮਾਮਲਿਆਂ ਦੀ ਜਾਂਚ ਲਈ ਰੱਖਿਆ ਸੀ ਜਿਸ ਤੋਂ ਬਾਅਦ ਹੀ ਇਹ ਕਿਡਨੀ ਤਸਕਰੀ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ। ਗ੍ਰਿਫਤਾਰ ਨੇਪਾਲੀ ਨਾਗਰਿਕਾਂ ਖਿਲਾਫ ਮਨੁੱਖੀ ਤਸਕਰੀ ਐਕਟ 2007 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।