ਨੇਪਾਲ ''ਚ ਮਹਿਸੂਸ ਕੀਤੇ ਗਏ 5.9 ਤੀਬਰਤਾ ਦੇ ਭੂਚਾਲ ਦੇ ਝਟਕੇ
Wednesday, Oct 19, 2022 - 04:55 PM (IST)
ਕਾਠਮੰਡੂ (ਭਾਸ਼ਾ)- ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਨੂੰ 5.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਲੋਕ ਸੁਰੱਖਿਆ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ। ਅਖ਼ਬਾਰ 'ਮਾਈ ਰਿਪਬਲਿਕ' ਦੀ ਖ਼ਬਰ ਮੁਤਾਬਕ ਭੂਚਾਲ ਦਾ ਕੇਂਦਰ ਸਿੰਧੂਪਾਲਚੌਕ ਜ਼ਿਲ੍ਹੇ 'ਚ ਨੇਪਾਲ-ਚੀਨ ਸਰਹੱਦ 'ਤੇ ਸੀ।
ਖ਼ਬਰ 'ਚ ਕਿਹਾ ਗਿਆ ਹੈ ਕਿ ਬੁੱਧਵਾਰ ਦੁਪਹਿਰ 3:07 'ਤੇ ਕਾਠਮੰਡੂ ਘਾਟੀ ਅਤੇ ਨੇੜਲੇ ਜ਼ਿਲਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਜਾਂ ਨੁਕਸਾਨ ਦੀ ਸੂਚਨਾ ਨਹੀਂ ਹੈ। ਨੇਪਾਲ ਵਿੱਚ ਅਪ੍ਰੈਲ 2015 ਵਿੱਚ 7.8 ਤੀਬਰਤਾ ਦੇ ਭੂਚਾਲ ਨਾਲ 9,000 ਲੋਕ ਮਾਰੇ ਗਏ ਸਨ ਅਤੇ 22,000 ਜ਼ਖ਼ਮੀ ਹੋਏ ਸਨ। ਭੂਚਾਲ ਕਾਰਨ 8,00,000 ਘਰਾਂ ਅਤੇ ਸਕੂਲਾਂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ।