ਇਟਲੀ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਇਮਾਰਤਾਂ ''ਚ ਆਈਆਂ ਤਰੇੜਾਂ
Wednesday, Nov 09, 2022 - 04:08 PM (IST)
ਰੋਮ (ਭਾਸ਼ਾ)- ਇਟਲੀ ਦੇ ਉੱਤਰ-ਪੂਰਬੀ ਤੱਟ 'ਤੇ ਬੁੱਧਵਾਰ ਸਵੇਰੇ 5.7 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਕੁਝ ਇਮਾਰਤਾਂ ਵਿਚ ਤਰੇੜਾਂ ਆ ਗਈਆਂ ਅਤੇ ਘੱਟੋ-ਘੱਟ ਇਕ ਹੈਲਥ ਕਲੀਨਿਕ ਨੂੰ ਖਾਲੀ ਕਰਵਾਇਆ ਗਿਆ। ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ।
ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਉਹ ਲਗਾਤਾਰ ਇਟਾਲੀ ਦੀ ਨਾਗਰਿਕ ਸੁਰੱਖਿਆ ਏਜੰਸੀ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ਉੱਤੇ ਨਜ਼ਰ ਰੱਖ ਰਹੀ ਹੈ। ਇਟਲੀ ਦੇ ਵੋਲਕੇਨੋਲੋਜੀ ਇੰਸਟੀਚਿਊਟ ਦਾ ਕਹਿਣਾ ਹੈ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 7.07 ਵਜੇ 5.7 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਇਸ ਦਾ ਕੇਂਦਰ ਏਡ੍ਰਿਆਟਿਕ ਸਾਗਰ ਵਿੱਚ ਐਂਕੋਨਾ ਵਿੱਚ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 5.6 ਸੀ ਅਤੇ ਉਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।