ਨੇਪਾਲ ''ਚ ਕੋਰੋਨਾ ਵਾਇਰਸ ਦੇ 473 ਨਵੇਂ ਮਾਮਲੇ, ਇਨਫੈਕਟਿਡਾਂ ਦੀ ਗਿਣਤੀ 14,500 ਪਾਰ
Friday, Jul 03, 2020 - 02:20 AM (IST)
ਕਾਠਮੰਡੂ- ਨੇਪਾਲ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 473 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਦੇਸ਼ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧਦੇ 14,519 ਹੋ ਗਈ ਹੈ। ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਸਿਹਤ ਮੰਤਰਾਲਾ ਦੇ ਬੁਲਾਰੇ ਜਗੇਸ਼ਵਰ ਗੌਤਮ ਨੇ ਦੱਸਿਆ ਕਿ 24 ਘੰਟਿਆਂ ਦੌਰਾਨ ਇਨਫੈਕਟਿਡ ਹੋਏ ਲੋਕਾਂ ਵਿਚ 364 ਪੁਰਸ਼ ਹਨ ਜਦਕਿ 109 ਔਰਤਾਂ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਕੋਵਿਡ-19 ਕਾਰਣ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੌਤਮ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 664 ਲੋਕਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਤੇ ਹੁਣ ਤੱਕ ਦੇਸ਼ ਵਿਚ 5,320 ਕੋਵਿਡ ਮਰੀਜ਼ ਇਸ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ। ਇਨਫੈਕਸ਼ਨ ਦਾ ਪਤਾ ਲਾਉਣ ਲਈ ਸਿਹਤ ਅਧਿਕਾਰੀਆਂ ਨੇ ਵੀਰਵਾਰ ਤੱਕ 2,37,764 ਲੋਕਾਂ ਦੀ ਪੀ.ਸੀ.ਆਰ. ਜਾਂਚ ਕਰਾਈ ਹੈ। ਮੰਤਰਾਲਾ ਨੇ ਦੱਸਿਆ ਕਿ ਕੋਵਿਡ-19 ਦੇ ਕਾਰਣ ਇਕ ਹੋਰ ਵਿਅਕਤੀ ਦੀ ਮੌਤ ਹੋਣ ਦੇ ਨਾਲ ਹੀ ਦੇਸ਼ ਵਿਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 31 ਹੋ ਗਈ ਹੈ।
ਬੁਲਾਰੇ ਮੁਤਾਬਕ ਮਿਆਗਦੀ ਦੇ ਰਹਿਣ ਵਾਲੇ 49 ਦਿਨ ਦੇ ਇਕ ਬੱਚੇ ਦੀ ਮੌਤ ਬੁੱਧਵਾਰ ਨੂੰ ਹੋ ਗਈ। ਕਾਠਮੰਡੂ ਦੇ ਮਹਾਰਾਜਗੰਜ ਸਥਿਤ ਤ੍ਰਿਭੁਵਨ ਯੂਨੀਵਰਸਿਟੀ ਅਧਿਐਨ ਹਸਪਤਾਲ ਵਿਚ ਬੱਚੇ ਦਾ ਇਲਾਜ ਚੱਲ ਰਿਹਾ ਸੀ। ਗੌਤਮ ਨੇ ਦੱਸਿਆ ਕਿ ਬੱਚੇ ਨੂੰ 23 ਜੂਨ ਤੋਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਆਈ.ਸੀ.ਯੂ. ਵਿਚ ਉਸ ਦਾ ਇਲਾਜ ਚੱਲ ਰਿਹਾ ਸੀ। ਉਸ ਨੂੰ ਗੁਰਦਾ ਤੇ ਨੱਕ ਸਬੰਧੀ ਸਮੱਸਿਆ ਸੀ। ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕਾਠਮੰਡੂ ਘਾਟੀ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 32 ਮਰੀਜ਼ ਸਾਹਮਣੇ ਆਏ ਹਨ। ਮੰਤਰਾਲਾ ਮੁਤਾਬਕ ਨੇਪਾਲ ਦੇ ਸਾਰੇ 77 ਜ਼ਿਲੇ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਪ੍ਰਭਾਵਿਤ ਹਨ।