ਪਾਕਿ ’ਚ ਅਹਿਮਦੀਆ ਭਾਈਚਾਰੇ ਦੀਆਂ 45 ਕਬਰਾਂ ਦੀ ਕੀਤੀ ਗਈ ਬੇਅਦਬੀ
Tuesday, Feb 08, 2022 - 10:31 AM (IST)
ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਦੇ ਪੰਜਾਬ ਸੂਬੇ ’ਚ ਅਹਿਮਦੀਆ ਭਾਈਚਾਰੇ ਵਿਰੁੱਧ ਵਿਰੋਧੀ ਭਾਵਨਾ ’ਤੇ ਦੋਸ਼ ਕਾਰਨ ਜ਼ਿਲਾ ਹਾਫਿਜ਼ਾਬਾਦ ਦੇ ਅਹਿਮਦੀਆ ਭਾਈਚਾਰੇ ਦੇ ਕਬਰਸਤਾਨ ’ਚ 45 ਕਬਰਾਂ ਨੂੰ ਤੋੜ ਕੇ ਉਨ੍ਹਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਅਹਿਮਦੀਆ ਭਾਈਚਾਰੇ ਦੇ ਲੋਕਾਂ ਨੂੰ ਅੱਜ ਸਵੇਰੇ ਪਤਾ ਲੱਗਾ, ਜਦੋਂ ਸਵੇਰੇ ਲੋਕਾਂ ਨੇ ਕਬਰਾਂ ਨੂੰ ਨੁਕਸਾਨਿਆ ਵੇਖਿਆ। ਵੇਖਦੇ ਹੀ ਵੇਖਦੇ ਉੱਥੇ ਅਹਿਮਦੀਆ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਨਾਲ ਹੀ ਅਜਾਜ਼ ਸੈਯਦ ਨੇ ਘਟਨਾ 'ਤੇ ਚਿੰਤਾ ਜਤਾਉਂਦੇ ਹੋਏ ਸਰਕਾਰ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇੱਥੇ ਦੱਸ ਦਈਏ ਕਿ ਪਾਕਿਸਤਾਨ ਦੀ ਸੰਸਦ ਨੇ 1974 ਵਿਚ ਅਹਿਮਦੀਆ ਭਾਈਚਾਰੇ ਨੂੰ ਗੈਰ ਮੁਸਲਿਮ ਘੋਸ਼ਿਤ ਕੀਤਾ ਸੀ।ਇਹ ਦੇਸ਼ ਦੇ ਸਭ ਤੋਂ ਵੱਧ ਪ੍ਰਤਾੜਿਤ ਘੱਟ ਗਿਣਤੀ ਭਾਈਚਾਰਿਆਂ ਵਿਚੋਂ ਇਕ ਹੈ।
ਅਸਲ ਵਿਚ ਪੱਤਰਕਾਰ ਅਜਾਜ਼ ਸੈਯਦ ਨੇ ਟਵੀਟ ਕਰਦਿਆਂ ਦੋਸ਼ ਲਗਾਇਆ ਕਿ ਕਥਿਤ ਤੌਰ 'ਤੇ ਪੰਜਾਬ ਪੁਲਸ ਨੇ ਹਾਫਿਜ਼ਾਬਾਦ ਜ਼ਿਲ੍ਹ ਦੇ ਪ੍ਰੇਮਕੋਟ ਵਿਚ ਅਹਿਮਦੀਆ ਭਾਈਚਾਰੇ ਦੀਆਂ 45 ਕਬਰਾਂ ਦੀ ਬੇਅਦਬੀ ਕੀਤੀ ਹੈ। ਕਿਸੇ ਵੀ ਭਾਈਚਾਰੇ ਖ਼ਿਲਾਫ਼ ਸ਼ੋਸ਼ਣ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਇਸਲਾਮੀ ਕਦਰਾਂ-ਕੀਮਤਾਂ ਦੀ ਉਲੰਘਣਾ ਹੈ। ਸਰਕਾਰ ਨੂੰ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਸਾਲ 2020 ਵਿਚ ਯੂਕੇ ਸਥਿਤ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ (APPG) ਦੀ ਇਕ ਵਿਸਤ੍ਰਿਤ ਰਿਪੋਰਟ ਵਿਚ ਪਾਕਿਸਤਾਨ ਦੇ ਅਹਿਮਦੀਆ ਭਾਈਚਾਰੇ ਨਾਲ ਹੋ ਰਹੇ ਵਿਤਕਰੇ ਬਾਰੇ ਵਿਚ ਖੁਲਾਸਾ ਹੋਇਆ ਸੀ। APPG ਦੀ ਰਿਪੋਰਟ ਵਿਚ ਪਤਾ ਚੱਲਿਆ ਸੀ ਕਿ ਸਕੂਲਾਂ ਵਿਚ ਬੱਚਿਆਂ ਨੂੰ ਅਹਿਮਦੀਆ ਭਾਈਚਾਰੇ ਪ੍ਰਤੀ ਨਫਰਤ ਸਿਖਾਈ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰਿਪੋਰਟ 'ਚ ਖੁਲਾਸਾ, ਪਾਕਿਸਤਾਨ ਦੀ 31 ਫੀਸਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰ
ਆਲ-ਪਾਰਟੀ ਸੰਸਦੀ ਸਮੂਹ ਨੇ ਪਾਕਿਸਤਾਨ ਵਿਚ ਅਹਿਮਦੀਆ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਨਾਲ ਹੀ ਉਹਨਾਂ ਨੇ ਪਾਕਿਸਤਾਨ ਸਰਕਾਰ ਸਾਹਮਣੇ ਇਸ ਮਾਮਲੇ ਸਬੰਧੀ ਕੁਝ ਪ੍ਰਮੁੱਖ ਮੰਗਾਂ ਰੱਖੀਆਂ ਸਨ। ਇਹਨਾਂ ਵਿਚ ਅਹਿਮਦੀਆ ਭਾਈਚਾਰੇ 'ਤੇ ਪਾਬੰਦੀ ਨੂੰ ਹਟਾਉਣਾ ਅਤੇ ਪਾਕਿਸਤਾਨ ਵਿਚ ਸਾਰੇ ਧਾਰਮਿਕ ਭਾਈਚਾਰਿਆਂ ਲਈ ਧਰਮ ਦੀ ਪੂਰੀ ਆਜ਼ਾਦੀ ਯਕੀਨੀ ਕਰਨਾ ਸ਼ਾਮਲ ਸੀ। ਇੱਥੇ ਦੱਸ ਦਈਏ ਕਿ ਬੀਤੇ ਕਈ ਸਾਲਾਂ ਤੋਂ ਪਾਕਿਸਤਾਨ ਵਿਚ ਅਹਿਮਦੀਆ ਭਾਈਚਾਰੇ 'ਤੇ ਹਿੰਸਾ ਦੇਖਣ ਨੂੰ ਮਿਲੀ ਹੈ। ਇਹੀ ਨਹੀਂ ਅਹਿਮਦੀ ਭਾਈਚਾਰੇ ਦੀਆਂ ਕਬਰਾਂ ਨੂੰ ਵੀ ਕੱਟੜਪੰਥੀਆਂ ਨੇ ਨਿਸ਼ਾਨਾ ਬਣਾਇਆ ਹੈ। ਇਸ ਕਾਰਨ ਅਹਿਮਦੀਆ ਭਾਈਚਾਰੇ ਇੱਥੋਂ ਲਗਾਤਾਰ ਪਲਾਇਨ ਵੀ ਕਰ ਰਿਹਾ ਹੈ ਪਰ ਇਮਰਾਨ ਸਰਕਾਰ ਉਹਨਾਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਮਰੱਥ ਸਾਬਤ ਹੋਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।