ਚੀਨ ''ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 41 ਲੋਕਾਂ ਦੀ ਮੌਤ, 1300 ਲੋਕ ਪੀੜਤ

01/25/2020 9:29:58 AM

ਬੀਜਿੰਗ— ਚੀਨ 'ਚ ਖਤਰਨਾਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਹੁਣ ਤਕ 41 ਲੋਕਾਂ ਦਾ ਮੌਤ ਹੋ ਚੁੱਕੀ ਹੈ ਤੇ ਹੋਰ 1300 ਲੋਕ ਇਸ ਬੀਮਾਰ ਦੀ ਚਪੇਟ 'ਚ ਆ ਚੁੱਕੇ ਹਨ। ਰਾਜਧਾਨੀ ਪੇਈਚਿੰਗ 'ਚ ਉੱਚ ਪੱਧਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਡਾਕਟਰੀ ਸੂਤਰਾਂ ਨੇ ਦੱਸਿਆ ਕਿ ਜੋ ਡਾਕਟਰ ਅਤੇ ਨਰਸਾਂ ਪੀੜਤਾਂ ਦਾ ਇਲਾਜ ਕਰ ਰਹੇ ਹਨ, ਉਨ੍ਹਾਂ 'ਚ ਵੀ ਇਸ ਬੀਮਾਰੀ ਦੇ ਲੱਛਣ ਪਾਏ ਗਏ ਹਨ। ਅਜਿਹੇ ਮੈਡੀਕਲ ਕਰਮਚਾਰੀਆਂ ਦੀ ਗਿਣਤੀ 15 ਤੋਂ ਵੱਧ ਦੱਸੀ ਜਾ ਰਹੀ ਹੈ।

ਚੀਨ ਨੇ ਖਤਰਨਾਕ ਵਿਸ਼ਾਣੂ ਕੋਰੋਨਾ ਵਾਇਰਸ ਦੇ ਫੈਲਣ ਦੇ ਸ਼ੱਕ ਨੂੰ ਵੇਖਦਿਆਂ ਅਤੇ ਵਿਸ਼ਾਣੂ 'ਤੇ ਕੰਟਰੋਲ ਕਰਨ ਦੇ ਮੱਦੇਨਜ਼ਰ ਇਸ ਤੋਂ ਪ੍ਰਭਾਵਿਤ ਸ਼ਹਿਰ ਦੇ ਆਲੇ-ਦੁਆਲੇ ਮੌਜੂਦ ਚਾਰ ਹੋਰ ਸ਼ਹਿਰਾਂ 'ਚ ਸ਼ੁੱਕਰਵਾਰ ਨੂੰ ਯਾਤਰਾ 'ਤੇ ਪਾਬੰਦੀ ਲਾ ਦਿੱਤੀ, ਜਿਸ ਨਾਲ ਯਾਤਰਾ ਪਾਬੰਦੀ ਵਾਲੇ ਸ਼ਹਿਰਾਂ ਦੀ ਗਿਣਤੀ ਵੱਧ ਕੇ 13 ਹੋ ਗਈ ਅਤੇ ਇਸ ਦੇ ਕਾਰਣ ਇਨ੍ਹਾਂ ਸ਼ਹਿਰਾਂ 'ਚ ਰਹਿ ਰਹੀ ਕਰੀਬ 4.1 ਕਰੋੜ ਦੀ ਆਬਾਦੀ ਪ੍ਰਭਾਵਿਤ ਹੈ।

ਮੱਧ ਹੁਬੇਈ ਸੂਬੇ 'ਚ ਸਥਿਤ ਸ਼ਿਆਨਿੰਗ, ਸ਼ਿਆਓਗਨ, ਅੰਸ਼ੀ ਅਤੇ ਝਿਜਿਯਾਂਗ ਸ਼ਹਿਰਾਂ 'ਚ ਅਧਿਕਾਰੀਆਂ ਨੇ ਦੱਸਿਆ ਕਿ ਚੀਨੀ ਨਵੇਂ ਸਾਲ ਤੋਂ ਪਹਿਲਾਂ ਸੜਕਾਂ 'ਤੇ ਭੀੜ ਵਧਣ ਦੇ ਮੱਦੇਨਜ਼ਰ ਗੱਡੀਆਂ, ਟਰੇਨਾਂ ਅਤੇ ਜਹਾਜ਼ਾਂ ਸਮੇਤ ਆਵਾਜਾਈ ਦੇ ਵੱਖ-ਵੱਖ ਮਾਧਿਅਮ ਨੂੰ ਰੋਕ ਦਿੱਤਾ ਗਿਆ ਹੈ। ਉਥੇ ਹੀ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੁਹਾਨ ਰੇਲਵੇ ਸਟੇਸ਼ਨ ਦੇ ਨੇੜੇ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ।

ਵਿਗਿਆਨ ਅਤੇ ਤਕਨੀਕੀ ਮੰਤਰਾਲੇ ਨੇ ਦੱਸਿਆ ਕਿ ਐਂਟੀਵਾਇਰਸ ਰਿਸਰਚ ਟੀਮ, ਮੰਤਰਾਲੇ ਦੀ ਐਮਰਜੈਂਸੀ ਵਿਗਿਆਨ-ਤਕਨੀਕ ਪ੍ਰੋਜੈਕਟ ਦਾ ਇਕ ਹਿੱਸਾ ਹੈ, ਜਿਸ ਨੂੰ ਹਾਲ ਹੀ 'ਚ ਇਕ ਮੀਟਿੰਗ 'ਚ ਰਾਸ਼ਟਰੀ ਸਿਹਤ ਕਮਿਸ਼ਨ ਅਤੇ ਹੋਰ ਵਿਭਾਗਾਂ ਦੇ ਨਾਲ ਸੰਯੁਕਤ ਰੂਪ 'ਚ ਲਾਂਚ ਕੀਤਾ ਗਿਆ ਸੀ। ਇਹ ਪ੍ਰੋਜੈਕਟ 10 ਰਿਸਰਚ ਪਹਿਲੂਆਂ 'ਤੇ ਵਿਗਿਆਨ-ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਕਰੇਗੀ, ਜਿਸ 'ਚ ਵਾਇਰਸ ਟ੍ਰੈਕਿੰਗ, ਵਾਇਰਸ ਟਰਾਂਸਮਿਸ਼ਨ, ਇਨਫੈਕਸ਼ਨ ਦੇ ਪਤਾ ਲਾਉਣ ਦੇ ਤਰੀਕੇ, ਜੀਨੋਮ ਵਿਕਾਸ ਅਤੇ ਟੀਕੇ ਦਾ ਵਿਕਾਸ ਸ਼ਾਮਲ ਹੈ।

ਖਤਰਨਾਕ ਕੋਰੋਨਾ ਵਾਇਰਸ ਦੇ ਕਾਰਣ ਸ਼ੰਘਾਈ ਡਿਜ਼ਨੀਲੈਂਡ ਇਸ ਹਫਤੇ ਅਗਲੇ ਹੁਕਮ ਤੱਕ ਬੰਦ ਰਹੇਗਾ। ਡਿਜ਼ਨੀਲੈਂਡ ਦੇ ਅਧਿਕਾਰੀਆਂ ਅਤੇ ਵੈੱਬਸਾਈਟ ਅਨੁਸਾਰ ਬੀਮਾਰੀ ਦੀ ਰੋਕਥਾਮ ਅਤੇ ਇਸ 'ਤੇ ਕੰਟਰੋਲ ਦੇ ਮਕਸਦ ਨਾਲ ਆਪਣੇ ਮਹਿਮਾਨਾਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ।

ਇਸ ਦਰਮਿਆਨ ਖਬਰ ਆਈ ਹੈ ਕਿ ਗ੍ਰੇਟ ਵਾਲ ਆਫ ਚਾਈਨਾ ਨੂੰ ਬੰਦ ਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਦੋਵੇਂ ਹੀ ਥਾਵਾਂ ਟੂਰਿਸਟਾਂ ਦੇ ਆਕਰਸ਼ਣ ਦਾ ਕੇਂਦਰ ਹੈ।


Related News