ਬ੍ਰਾਜ਼ੀਲ ''ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 4 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Tuesday, May 28, 2019 - 07:56 AM (IST)

ਰੀਓ ਡੀ ਜਨੇਰੀਓ— ਬ੍ਰਾਜ਼ੀਲ ਦੇ ਸਾਓ ਗੋਂਕਾਲੋ ਇਲਾਕੇ 'ਚ ਇਕ ਬਾਰ ਦੇ ਬਾਹਰ ਹੋਈ ਗੋਲੀਬਾਰੀ 'ਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 7 ਜ਼ਖਮੀ ਹੋ ਗਏ। ਬ੍ਰਾਜ਼ੀਲ ਸਿਟੀ ਫਾਇਰ ਬ੍ਰਿਗੇਡ ਵਿਭਾਗ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਕਿ ਇਹ ਘਟਨਾ ਸਾਓ ਗੋਂਕਾਲੋ 'ਚ ਵਾਪਰੀ ਜਿੱਥੇ ਇਕ ਅਣਜਾਣ ਵਿਅਕਤੀ ਨੇ ਕਾਰ ਦੇ ਅੰਦਰ ਬੈਠ ਕੇ ਬਾਰ ਦੇ ਬਾਹਰ ਮੌਜੂਦ ਲੋਕਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਘਟਨਾ 'ਚ ਦੋ ਲੋਕਾਂ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ ਹੋਰ ਦੋ ਨੇ ਹਸਪਤਾਲ ਲੈ ਜਾਂਦੇ ਹੋਏ ਦਮ ਤੋੜ ਦਿੱਤਾ ਅਤੇ ਹੋਰ 7 ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਦੇ ਬਾਅਦ ਸ਼ੱਕੀ ਵਿਅਕਤੀ ਨੇ ਇਕ ਹੋਰ ਬਾਰ ਦੇ ਬਾਹਰ ਗੱਡੀ ਰੋਕ ਦਿੱਤੀ ਅਤੇ ਬੰਦੂਕ ਦੀ ਨੋਕ 'ਤੇ ਉੱਥੇ ਮੌਜੂਦ ਲੋਕਾਂ ਦੇ ਮੋਬਾਇਲ ਫੋਨ ਅਤੇ ਹੋਰ ਵਸਤਾਂ ਖੋਹ ਲਈਆਂ। ਪੁਲਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਅਪਰਾਧ ਦਾ ਮਕਸਦ ਅਜੇ ਵੀ ਸਪੱਸ਼ਟ ਨਹੀਂ ਹੈ।
ਹਾਲਾਂਕਿ ਪੁਲਸ ਨੂੰ ਸ਼ੱਕ ਹੈ ਕਿ ਮਾਮਲਾ ਡਰੱਗਜ਼ ਤਸਕਰੀ ਦਾ ਹੋ ਸਕਦਾ ਹੈ ਜਦਕਿ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਵਾਲੇ ਸਥਾਨ 'ਤੇ ਸਿਰਫ ਪਰਿਵਾਰ ਅਤੇ ਦੋਸਤ ਮੌਜੂਦ ਸਨ।