ਅਮਰੀਕਾ 'ਚ ਭਾਰਤੀ ਮੂਲ ਦੇ 4 ਸੰਸਦ ਮੈਂਬਰਾਂ ਨੂੰ ਮਿਲੇ ਸ਼ਕਤੀਸ਼ਾਲੀ ਅਹੁਦੇ
Thursday, Feb 02, 2023 - 06:12 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਖੇ ਭਾਰਤੀ ਮੂਲ ਦੇ ਚਾਰ ਕਾਂਗਰਸਮੈਨ- ਪ੍ਰਮਿਲਾ ਜੈਪਾਲ, ਅਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ ਅਤੇ ਰੋ ਖੰਨਾ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਤਿੰਨ ਪ੍ਰਮੁੱਖ ਕਮੇਟੀਆਂ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜੋ ਭਾਰਤੀ ਭਾਈਚਾਰੇ ਦੇ ਅਮਰੀਕੀ ਰਾਜਨੀਤੀ ਵਿੱਚ ਵਧਦੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਇਕ ਰੀਲੀਜ਼ ਦੇ ਅਨੁਸਾਰ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ (57) ਨੂੰ ਇਮੀਗ੍ਰੇਸ਼ਨ 'ਤੇ ਅਮਰੀਕੀ ਪ੍ਰਤੀਨਿਧੀ ਸਦਨ ਦੀ ਸ਼ਕਤੀਸ਼ਾਲੀ ਨਿਆਂਪਾਲਿਕਾ ਕਮੇਟੀ ਦੀ 'ਰੈਂਕਿੰਗ ਮੈਂਬਰ' ਨਾਮਜ਼ਦ ਕੀਤਾ ਗਿਆ ਹੈ। ਨਿਯੁਕਤੀ ਤੋਂ ਬਾਅਦ ਜੈਪਾਲ ਨੇ ਕਿਹਾ ਕਿ ''ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਹੋਣ ਦੇ ਨਾਤੇ, ਮੈਨੂੰ ਇਮੀਗ੍ਰੇਸ਼ਨ 'ਤੇ ਹਾਊਸ ਸਬ-ਕਮੇਟੀ ਦੀ ਰੈਂਕਿੰਗ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ।'' ਜੈਪਾਲ ਨੇ ਕਿਹਾ ਕਿ ਜਦੋਂ ਉਹ ਅਮਰੀਕਾ ਆਈ ਸੀ ਤਾਂ 16 ਸਾਲ ਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ 'ਚ ਆਪਣੀ ਜ਼ਿੰਦਗੀ ਦੇ ਸਫਰ ਨੂੰ ਸ਼ਾਨਦਾਰ ਦੱਸਿਆ।
ਇਸ ਤੋਂ ਇਲਾਵਾ ਭਾਰਤੀ-ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੂੰ ਚੀਨ ਬਾਰੇ ਨਵੀਂ ਬਣੀ ਕਮੇਟੀ ਦਾ 'ਰੈਂਕਿੰਗ ਮੈਂਬਰ' ਬਣਾਇਆ ਗਿਆ ਹੈ, ਜੋ ਚੀਨ ਦੀਆਂ ਉਨ੍ਹਾਂ ਕਾਰਵਾਈਆਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ 'ਤੇ ਗੌਰ ਕਰੇਗੀ, ਜਿਨ੍ਹਾਂ ਨਾਲ ਅਮਰੀਕਾ ਅਤੇ ਦੁਨੀਆ ਨੂੰ ਖ਼ਤਰਾ ਹੋ ਸਕਦਾ ਹੈ। ਭਾਰਤੀ-ਅਮਰੀਕੀ ਕਾਂਗਰਸਮੈਨ ਡਾਕਟਰ ਐਮੀ ਬੇਰਾ ਨੂੰ ਸ਼ਕਤੀਸ਼ਾਲੀ ਹਾਊਸ ਇੰਟੈਲੀਜੈਂਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇੰਟੈਲੀਜੈਂਸ ਬਾਰੇ ਸਦਨ ਦੀ ਸਥਾਈ ਚੋਣ ਕਮੇਟੀ ਨੂੰ ਕੇਂਦਰੀ ਖੁਫੀਆ ਏਜੰਸੀ (ਸੀਆਈਏ), ਨੈਸ਼ਨਲ ਇੰਟੈਲੀਜੈਂਸ ਏਜੰਸੀ (ਡੀਐਨਆਈ), ਰਾਸ਼ਟਰੀ ਸੁਰੱਖਿਆ ਏਜੰਸੀ (ਐਨਐਸਏ) ਦੇ ਨਾਲ-ਨਾਲ ਫੌਜ ਦੇ ਖੁਫੀਆ ਪ੍ਰੋਗਰਾਮਾਂ ਸਮੇਤ ਦੇਸ਼ ਦੀਆਂ ਖੁਫੀਆ ਗਤੀਵਿਧੀਆਂ ਦੀ ਨਿਗਰਾਨੀ ਕਰਨ ਦਾ ਚਾਰਜ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ: FY-2023 ਦੇ ਪਹਿਲੇ ਅੱਧ ਲਈ H-2B ਵੀਜ਼ਾ ਲਈ ਅਰਜ਼ੀਆਂ ਦਾ ਟੀਚਾ ਪੂਰਾ
ਅਮਰੀਕੀ ਪ੍ਰਤੀਨਿਧੀ ਸਭਾ ਦੇ ਘੱਟ ਗਿਣਤੀ ਮਾਮਲਿਆਂ ਦੇ ਨੇਤਾ ਹਕੀਮ ਜੈਫਰੀਜ਼ ਨੇ ਬੁੱਧਵਾਰ ਨੂੰ ਕ੍ਰਿਸ਼ਨਾਮੂਰਤੀ ਨੂੰ ਅਮਰੀਕਾ ਅਤੇ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦਰਮਿਆਨ ਰਣਨੀਤਕ ਮੁਕਾਬਲੇ ਬਾਰੇ ਸਦਨ ਦੀ ਚੋਣ ਕਮੇਟੀ ਦੇ "ਰੈਂਕਿੰਗ ਮੈਂਬਰ" ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ। ਭਾਰਤੀ-ਅਮਰੀਕੀ ਕਾਂਗਰਸਮੈਨ ਰੋ ਖੰਨਾ ਨੂੰ ਵੀ ਇਸ ਨਵੀਂ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਹ ਪ੍ਰਤੀਨਿਧ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਦੁਆਰਾ 118ਵੀਂ ਕਾਂਗਰਸ (ਸੰਸਦ) ਵਿੱਚ ਅਮਰੀਕਾ ਦੀ ਚੀਨੀ ਕਮਿਊਨਿਸਟ ਪਾਰਟੀ ਨਾਲ ਆਰਥਿਕ, ਤਕਨੀਕੀ ਅਤੇ ਸੁਰੱਖਿਆ ਨਾਲ ਸਬੰਧਤ ਮੁਕਾਬਲੇ ਨਾਲ ਨਜਿੱਠਣ, ਜਾਂਚ ਕਰਨ ਅਤੇ ਨੀਤੀ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਬਣਾਈ ਗਈ ਸੀ।
ਕ੍ਰਿਸ਼ਨਾਮੂਰਤੀ (49) ਨੇ ਕਿਹਾ ਕਿ "ਮੈਂ ਅਮਰੀਕਾ ਅਤੇ ਚੀਨੀ ਕਮਿਊਨਿਸਟ ਪਾਰਟੀ ਦਰਮਿਆਨ ਰਣਨੀਤਕ ਮੁਕਾਬਲੇ ਬਾਰੇ ਸਦਨ ਦੀ ਚੋਣ ਕਮੇਟੀ ਦੇ 'ਰੈਂਕਿੰਗ ਮੈਂਬਰ' ਵਜੋਂ ਨਿਯੁਕਤ ਕਰਨ ਲਈ ਨੇਤਾ ਜੈਫਰੀਜ਼ ਦਾ ਧੰਨਵਾਦੀ ਹਾਂ। ਬੇਰਾ (57) ਨੇ ਕਿਹਾ ਕਿ "ਮੈਂ ਹਫੀਜ਼ ਦੁਆਰਾ ਹਾਊਸ ਇੰਟੈਲੀਜੈਂਸ ਕਮੇਟੀ ਲਈ ਨਿਯੁਕਤੀ ਕਰਨ 'ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।ਮੈਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਧ ਰਹੇ ਖਤਰਿਆਂ ਦੇ ਮੱਦੇਨਜ਼ਰ ਅਮਰੀਕੀ ਪਰਿਵਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਅਤੇ ਮੈਂ ਇਸ ਨਵੀਂ ਭੂਮਿਕਾ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹਾਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।