ਅਮਰੀਕਾ ‘ਚ ਭਾਰਤੀ ਮੂਲ ਦੀਆਂ ਔਰਤਾਂ ‘ਤੇ ਨਸਲੀ ਹਮਲਾ, ਇਕ ਔਰਤ ਗ੍ਰਿਫ਼ਤਾਰ (ਵੀਡੀਓ)

Friday, Aug 26, 2022 - 10:41 AM (IST)

ਅਮਰੀਕਾ ‘ਚ ਭਾਰਤੀ ਮੂਲ ਦੀਆਂ ਔਰਤਾਂ ‘ਤੇ ਨਸਲੀ ਹਮਲਾ, ਇਕ ਔਰਤ ਗ੍ਰਿਫ਼ਤਾਰ (ਵੀਡੀਓ)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਟੈਕਸਾਸ ਸੂਬੇ ਵਿੱਚ 4 ਭਾਰਤੀ-ਅਮਰੀਕੀ ਔਰਤਾਂ ਦੇ ਇੱਕ ਸਮੂਹ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਮਾਮਲੇ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਡੀਓ 'ਚ ਦੋਸ਼ੀ ਔਰਤ ਕਥਿਤ ਤੌਰ 'ਤੇ ਭਾਰਤੀ-ਅਮਰੀਕੀ ਔਰਤਾਂ ਨਾਲ ਦੁਰਵਿਵਹਾਰ ਕਰਦੀ ਨਜ਼ਰ ਆ ਰਹੀ ਹੈ ਅਤੇ ਭਾਰਤ ਵਾਪਸ ਜਾਣ ਲਈ ਕਹਿ ਰਹੀ ਹੈ। ਇਹ ਘਟਨਾ ਬੁੱਧਵਾਰ ਰਾਤ ਨੂੰ ਟੈਕਸਾਸ ਦੇ ਡਲਾਸ ਵਿੱਚ ਇੱਕ ਪਾਰਕਿੰਗ ਵਿੱਚ ਵਾਪਰੀ। ਦੋਸ਼ੀ ਔਰਤ ਵੀਡੀਓ 'ਚ ਖੁਦ ਨੂੰ ਮੈਕਸੀਕਨ-ਅਮਰੀਕੀ ਦੱਸਦੀ ਅਤੇ ਭਾਰਤੀ-ਅਮਰੀਕੀ ਔਰਤਾਂ ਦੇ ਸਮੂਹ 'ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਔਰਤ ਵੀਡੀਓ ਵਿੱਚ 'ਮੈਂ ਭਾਰਤੀਆਂ ਨਾਲ ਨਫ਼ਰਤ ਕਰਦੀ ਹਾਂ। ਇਹ ਸਾਰੇ ਭਾਰਤੀ ਅਮਰੀਕਾ ਇਸ ਲਈ ਆਉਂਦੇ ਹਨ ਕਿਉਂਕਿ ਉਹ ਬਿਹਤਰ ਜ਼ਿੰਦਗੀ ਚਾਹੁੰਦੇ ਹਨ' ਕਹਿੰਦੀ ਨਜ਼ਰ ਆ ਰਹੀ ਹੈ। ਮੈਕਸੀਕਨ-ਅਮਰੀਕੀ ਔਰਤ ਦੀ ਪਛਾਣ ਪਲਾਨੋ ਦੀ ਐਸਮੇਰਾਲਡਾ ਅਪਟਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਅਮਰੀਕੀ ਜੇਲ੍ਹ ਚ ਵਾਰਡਨ ਨੇ ਮਹਿਲਾ ਕੈਦੀਆਂ ਦਾ ਜਿਊਣਾ ਕੀਤਾ ਔਖਾ, ਖਿੱਚਦਾ ਸੀ ਅਸ਼ਲੀਲ ਤਸਵੀਰਾਂ

 

ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ ਇਕ ਵਿਅਕਤੀ ਨੇ ਲਿਖਿਆ, 'ਇਹ ਘਟਨਾ ਟੈਕਸਾਸ ਦੇ ਡਲਾਸ ਵਿਚ ਮੇਰੀ ਮਾਂ ਅਤੇ ਉਨ੍ਹਾਂ ਦੀਆਂ ਤਿੰਨ ਸਹੇਲੀਆਂ ਨਾਲ ਵਾਪਰੀ।' ਵੀਡੀਓ ਸਾਂਝੀ ਕਰਨ ਵਾਲੇ ਵਿਅਕਤੀ ਦੀ ਮਾਂ ਨੂੰ ਵੀਡੀਓ ਵਿਚ ਮੈਕਸੀਕਨ-ਅਮਰੀਕੀ ਮਹਿਲਾ ਦਾ ਵਿਰੋਧ ਕਰਦੇ ਹੋਏ ਅਤੇ ਨਸਲੀ ਗਾਲਾਂ ਨਾ ਦੇਣ ਦੀ ਬੇਨਤੀ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਦੋਸ਼ੀ ਔਰਤ ਇਹ ਵੀ ਕਹਿੰਦੀ ਨਜ਼ਰ ਆ ਰਹੀ ਹੈ, 'ਮੈਂ ਜਿੱਥੇ ਵੀ ਜਾਂਦੀ ਹਾਂ... ਤੁਸੀਂ ਭਾਰਤੀ ਹਰ ਜਗ੍ਹਾ ਮਿਲਦੇ ਹੋ। ਜੇ ਭਾਰਤ ਵਿੱਚ ਜ਼ਿੰਦਗੀ ਸਭ ਤੋਂ ਵਧੀਆ ਹੈ, ਤਾਂ ਤੁਸੀਂ ਇੱਥੇ ਕਿਉਂ ਹੋ?' ਇਸ ਤੋਂ ਬਾਅਦ ਉਹ ਗਾਲੀ-ਗਲੋਚ ਕਰਦੀ ਹੈ ਅਤੇ ਭਾਰਤੀ ਔਰਤਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੀ ਹੈ। ਪਲਾਨੋ ਦੇ ਪੁਲਸ ਅਧਿਕਾਰੀਆਂ ਨੇ ਵੀਰਵਾਰ ਦੁਪਹਿਰ ਨੂੰ ਦੋਸ਼ੀ ਔਰਤ ਐਸਮੇਰਾਲਡਾ ਅਪਟਨ ਨੂੰ ਗ੍ਰਿਫ਼ਤਾਰ ਕੀਤਾ। ਉਸ 'ਤੇ ਹਮਲਾ ਕਰਨ, ਸਰੀਰਕ ਤੌਰ 'ਤੇ ਜ਼ਖ਼ਮੀ ਕਰਨ ਅਤੇ ਅੱਤਵਾਦੀ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ ਹਨ। ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਰੱਖਣ ਵਾਲੀ ਰੀਮਾ ਰਸੂਲ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ, 'ਇਹ ਬਹੁਤ ਹੀ ਭਿਆਨਕ ਹੈ। ਉਸ ਕੋਲ ਅਸਲ ਵਿੱਚ ਇਕ ਬੰਦੂਕ ਸੀ ਅਤੇ ਉਹ ਗੋਲੀ ਮਾਰਨਾ ਚਾਹੁੰਦੀ ਸੀ... ਇਸ ਔਰਤ ਖ਼ਿਲਾਫ਼ ਨਸਲੀ ਅਪਰਾਧ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।'

ਇਹ ਵੀ ਪੜ੍ਹੋ: ਪ੍ਰੀਖਿਆ ’ਚ ਪ੍ਰੇਮਿਕਾ ਹੋਈ ਫੇਲ ਤਾਂ ਪ੍ਰੇਮੀ ਨੇ ਅੱਗ ਲਗਾ ਕੇ ਫੂਕ ਦਿੱਤਾ ਸਕੂਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News