ਅਮਰੀਕਾ : 3 ਸਾਲਾ ਬੱਚੀ ਕੋਲੋਂ ਵੱਜੀ ਪਿਤਾ ਨੂੰ ਗੋਲੀ, ਕੋਲ ਬੈਠੇ ਵਿਅਕਤੀ ''ਤੇ ਪਰਚਾ
Friday, Oct 16, 2020 - 02:24 PM (IST)

ਵਾਸ਼ਿੰਗਟਨ- ਅਮਰੀਕਾ ਦੇ ਟੈਨੇਸੀ ਵਿਚ 3 ਸਾਲ ਦੀ ਧੀ ਕੋਲੋਂ ਕਾਰ ਵਿਚ ਬੈਠੇ ਆਪਣੇ ਪਿਤਾ 'ਤੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ਵਿਚ ਕਾਰ ਵਿਚ ਬੱਚੀ ਨਾਲ ਬੈਠੇ ਮ੍ਰਿਤਕ ਦੇ ਦੋਸਤ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਕਿਹਾ ਕਿ ਦੋਸ਼ੀ ਨੇ ਜਾਣ-ਬੁੱਝ ਕੇ ਆਪਣੇ ਦੋਸਤ ਦਾ ਕਤਲ ਕਰਨ ਲਈ ਉਸ ਦੀ ਧੀ ਕੋਲ ਹਥਿਆਰ ਰੱਖਿਆ। ਬੱਚੀ ਇਸ ਨਾਲ ਖੇਡਣ ਲੱਗ ਗਈ ਤੇ ਉਸ ਕੋਲੋਂ ਗੋਲੀ ਵੱਜ ਗਈ। ਇਸ ਹਥਿਆਰ ਲਈ ਦੋਸ਼ੀ ਕੋਲ ਲਾਇਸੰਸ ਵੀ ਨਹੀਂ ਹੈ।
ਮਾਮਲਾ ਟੈਨੇਸੀ ਦੇ ਮੇਮਫਿਸ ਸ਼ਹਿਰ ਦਾ ਹੈ। ਪੁਲਸ ਨੇ ਅਦਾਲਤ ਵਿਚ ਦਾਇਰ ਅਪੀਲ ਵਿਚ ਦੱਸਿਆ ਕਿ ਵਿਅਕਤੀ ਆਪਣੀ ਇਕ ਜਨਾਨੀ ਤੇ ਆਪਣੀ ਧੀ ਨਾਲ ਕਿਤੇ ਜਾ ਰਿਹਾ ਸੀ। ਰਸਤੇ ਵਿਚ ਉਸ ਨੇ ਆਪਣੇ ਇਕ 26 ਸਾਲਾ ਦੋਸਤ ਅਲਾਂਤੇ ਜੋਨਸ ਨੂੰ ਵੀ ਕਾਰ ਵਿਚ ਬੈਠਾ ਲਿਆ। ਉਸ ਦਾ ਦੋਸਤ ਤੇ ਬੱਚੀ ਪਿਛਲੀ ਸੀਟ 'ਤੇ ਬੈਠੇ ਸਨ ਤੇ ਅਲਾਂਤੇ ਨੇ ਜਾਣ-ਬੁੱਝ ਕੇ ਆਪਣੀ ਪਿਸਤੌਲ ਬੱਚੀ ਕੋਲ ਰੱਖੀ ਤੇ ਖੇਡ ਰਹੀ ਬੱਚੀ ਕੋਲੋਂ ਗੋਲੀ ਵੱਜ ਗਈ, ਜੋ ਉਸ ਦੇ ਪਿਤਾ ਦੇ ਸਿਰ ਵਿਚ ਵੱਜੀ ਤੇ ਉਸ ਦੀ ਮੌਤ ਹੋ ਗਈ। ਕਾਰ ਵਿਚ ਬੈਠੀ ਬੀਬੀ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਅਲਾਂਤੇ ਨੂੰ ਹਿਰਾਸਤ ਵਿਚ ਲਿਆ ਤੇ ਮਾਮਲਾ ਅਦਾਲਤ ਵਿਚ ਪੁੱਜ ਗਿਆ।