ਅਫਗਾਨ ਸੁਰੱਖਿਆ ਫੋਰਸ ਨੇ 24 ਘੰਟਿਆਂ ’ਚ 385 ਤਾਲਿਬਾਨੀ ਅੱਤਵਾਦੀ ਕੀਤੇ ਢੇਰ, 210 ਅੱਤਵਾਦੀ ਜ਼ਖਮੀ

Sunday, Aug 08, 2021 - 06:03 PM (IST)

ਕਾਬੁਲ– ਅਫਗਾਨਿਸਤਾਨ ਨੇ ਸਰਕਾਰੀ ਮੀਡੀਆ ਨਿਰਦੇਸ਼ਕ ਦੇ ਕਤਲ ਤੋਂ ਬਾਅਦ ਤਾਲਿਬਾਨ ਪ੍ਰਤੀ ਸਖਤ ਰਵੱਈਆ ਅਪਣਾਉਂਦੇ ਹੋਏ ਅਫਗਾਨ ਸੁਰੱਖਿਆ ਫੋਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਬੀਤੇ 24 ਘੰਟਿਆਂ ’ਚ 385 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ ਜਦਕਿ 210 ਅੱਤਵਾਦੀ ਜ਼ਖਮੀ ਹੋਏ ਹਨ। ਰੱਖਿਆ ਮੰਤਰਾਲਾ ਦੇ ਬੁਲਾਰੇ ਫਵਾਦ ਅਮਾਨ ਨੇ ਟਵੀਟ ’ਚ ਕਿਹਾ ਕਿ ਅਫਗਾਨਿਸਤਾਨ ਦੀ ਫੌਜ ਨੇ ਨਾਨਗੜਹਾਰ, ਲੋਗਾਰ, ਗਜਨੀ, ਪੱਤਰਿਕਾ, ਕੰਧਾਰ, ਮੈਦਾਨਵਰਦਕ, ਹੇਰਾਤ, ਫਰਾਹ, ਸਮਨਗਨ, ਤਾਖਰ, ਹੇਲਮੰਦ, ਬਗਲਾਨ ਅਤੇ ਕਪੀਸਾ ਸੂਬੇ ’ਚ ਤਾਲਿਬਾਨੀ ਅੱਤਵਾਦੀਆਂ ’ਤੇ ਸਖਤ ਕਾਰਵਾਈ ਕੀਤੀ ਹੈ। ਫੌਜ ਨੇ ਫੈਜਾਬਾਦ, ਬਦਕਸ਼ਾਂ ਅਤੇ ਤਾਲਿਕਨ ’ਚ ਤਾਲਿਬਾਨ ਹਮਲੇ ਨੂੰ ਅਕਿਰਿਆਸ਼ੀਲ ਕਰ ਦਿੱਤਾ। 

ਫੌਜ ਨੇ ਕੁੰਦੂਜ ਦੇ ਬਾਹਰੀ ਇਲਾਕਿਆਂ ’ਚ ਤਾਲਿਬਾਨ ਦੇ ਬੰਕਰਾਂ ਨੂੰ ਹਵਾਈ ਹਮਲਾ ਕਰਕੇ ਨਿਸ਼ਾਨਾ ਬਣਾਇਆ। ਇਥੇ ਸੰਘਰਸ਼ ’ਚ 11 ਨਾਗਰਿਕਾਂ ਦੀ ਮੌਤ ਹੋਈ ਹੈ ਜਦਕਿ 41 ਜ਼ਖਮੀ ਹੋਏ ਹਨ। ਹੇਲਮੰਦ ਸੂਬੇ ’ਚ ਤਾਲਿਬਾਨ ਦੇ ਠਿਕਾਣਿਆਂ ’ਤੇ ਲਕਸ਼ਰਗਾਹ ਸ਼ਹਿਰ ’ਚ ਹੋਏ ਹਵਾਈ ਹਮਲੇ ’ਚ 112 ਅੱਤਵਾਦੀ ਮਾਰੇ ਗਏ। ਇਨ੍ਹਾਂ ’ਚ 30 ਪਾਕਿਸਤਾਨੀ ਮਾਰੇ ਗਏ ਹਨ। ਇਹ ਸਾਰੇ ਅਲ-ਕਾਇਦਾ ਦੇ ਮੈਂਬਰ ਸਨ। ਸਰਕਾਰੀ ਅੰਕੜਿਆਂ ਮੁਤਾਬਕ, ਹਿੰਸਾ ’ਚ ਇਸ ਸਾਲ ਦੀ ਪਹਿਲੀ ਤਿਮਾਹੀ ’ਚ 1659 ਲੋਕ ਮਾਰੇ ਗਏ ਅਤੇ 3254 ਜ਼ਖਮੀ ਹੋਏ। ਓਧਰ, ਵਾਈਟ ਹਾਊਸ ਦੇ ਬੁਲਾਰੇ ਜੇਨ ਪਸਾਕੀ ਨੇ ਨਾਗਰਿਕਾਂ ਦੇ ਮਾਰੇ ਜਾਣ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਜੇਕਰ ਅਜਿਹਾ ਸੋਚਦਾ ਹੈ ਕਿ ਇਸ ਤਰ੍ਹਾਂ ਉਹ ਗਲੋਬਲ ਮਾਨਤਾ ਹਾਸਿਲ ਕਰ ਲਵੇਗਾ ਤਾਂ ਇਹ ਉਸ ਦੀ ਭੁੱਲ ਹੈ। 


Rakesh

Content Editor

Related News