ਕੰਬੋਡੀਆ ''ਚ ਅਮਰੀਕੀ ਦੂਤਘਰ ਦੇ 32 ਕਰਮਚਾਰੀ ਬਰਖਾਸਤ
Friday, Apr 13, 2018 - 03:48 PM (IST)

ਫਨੋਮ ਪੇਨਹ (ਵਾਰਤਾ)— ਕੰਬੋਡੀਆ ਵਿਚ ਅਮਰੀਕੀ ਦੂਤਘਰ ਦੇ 32 ਕਰਮਚਾਰੀਆਂ ਨੂੰ ਇਕ ਗੈਰ ਸਰਕਾਰੀ ਚੈਟ ਸਮੂਹ ਵਿਚ ਅਸ਼ਲੀਲ ਸਮੱਗਰੀ ਸਾਂਝੀ ਕਰਨ ਦੇ ਮਾਮਲੇ ਵਿਚ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨਾਲ ਜੁੜੇ ਚਾਰ ਸੂਤਰਾਂ ਨੇ ਦੱਸਿਆ ਕਿ ਦੂਤਘਰ ਕਰਮਚਾਰੀਆਂ ਨੇ ਫੇਸਬੁੱਕ ਮੈਸੈਂਜਰ ਚੈਟ ਸਮੂਹ ਵਿਚ ਕੁਝ ਅਸ਼ਲੀਲ ਸਮੱਗਰੀ, ਵੀਡੀਓਜ਼ ਅਤੇ ਤਸਵੀਰਾਂ ਆਪਸ ਵਿਚ ਸਾਂਝੀਆਂ ਕੀਤੀਆਂ। ਦੂਤਘਰ ਦੇ ਕਰਮਚਾਰੀ ਦੀ ਪਤਨੀ ਨੇ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਮਾਮਲੇ ਦੀ ਜਾਣਕਾਰੀ ਦੂਤਘਰ ਦੇ ਅਧਿਕਾਰੀਆਂ ਨੂੰ ਦਿੱਤੀ। ਇਸ ਮਗਰੋਂ ਇਹ ਮਾਮਲਾ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਨੂੰ ਭੇਜ ਦਿੱਤਾ ਗਿਆ। ਦੂਤਘਰ ਦੇ ਇਕ ਸਾਬਕਾ ਕਰਮਚਾਰੀ ਨੇ ਦੱਸਿਆ ਕਿ ਇਨ੍ਹਾਂ 32 ਕਰਚਮਾਰੀਆਂ ਵਿਚ ਕੰਬੋਡੀਆਈ ਅਤੇ ਕੰਬੋਡੀਆਈ-ਅਮਰੀਕੀ ਕਰਮਚਾਰੀ ਸ਼ਾਮਲ ਸਨ ਅਤੇ ਕੁਝ ਕਰਮਚਾਰੀ ਗਾਰਡ ਅਤੇ ਕੁਝ ਕਲਰਕ ਸਟਾਫ ਵਿਚ ਸਨ। ਇਨ੍ਹਾਂ ਸਾਰਿਆਂ ਦੇ ਮੋਬਾਇਲ ਫੋਨ ਦੀ ਜਾਂਚ ਕੀਤੀ ਗਈ ਅਤੇ ਬਾਅਦ ਵਿਚ ਇਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ।