ਬੰਗਲਾਦੇਸ਼ ’ਚ ਇਸ ਸਾਲ ਹੁਣ ਤੱਕ 306 ਕੁੜੀਆਂ ਨਾਲ ਹੋਇਆ ਜਬਰ-ਜ਼ਨਾਹ
Monday, Aug 25, 2025 - 11:23 PM (IST)

ਢਾਕਾ- 2025 ਦੇ ਪਹਿਲੇ 7 ਮਹੀਨਿਆਂ ਵਿਚ ਬੰਗਲਾਦੇਸ਼ ’ਚ 306 ਕੁੜੀਆਂ ਨਾਲ ਜਬਰ-ਜ਼ਨਾਹ ਹੋਇਆ ਹੈ, ਜਦੋਂ ਕਿ ਪਿਛਲੇ ਸਾਲ ਅਜਿਹੇ ਕੁੱਲ 234 ਮਾਮਲੇ ਦਰਜ ਕੀਤੇ ਗਏ ਸਨ। ਮਤਲਬ ਇਸ ਸਾਲ ਦੇ ਪਹਿਲੇ 7 ਮਹੀਨਿਆਂ ਵਿਚ ਪਿਛਲੇ ਸਾਲ ਨਾਲੋਂ ਜਬਰ-ਜ਼ਨਾਹ ਦੇ 72 ਵੱਧ ਮਾਮਲੇ ਦਰਜ ਕੀਤੇ ਗਏ ਹਨ। ਇਹ ਜਾਣਕਾਰੀ ਮਨੁੱਖੀ ਅਧਿਕਾਰ ਸੰਗਠਨ ਨੇ ਦਿੱਤੀ ਹੈ।
ਸੰਗਠਨ ਮੁਤਾਬਕ ਇਸ ਸਾਲ ਸਭ ਤੋਂ ਵੱਧ ਮਾਮਲੇ ਮਾਰਚ ’ਚ (106) ਅਤੇ ਅਪ੍ਰੈਲ ’ਚ (64) ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 129 ਕੁੜੀਆਂ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 35 ਦੀ ਉਮਰ 0 ਤੋਂ 6 ਸਾਲ ਵਿਚਕਾਰ ਸੀ। ਇਨ੍ਹਾਂ ਵਿਚੋਂ ਸਿਰਫ਼ 85 ਮਾਮਲਿਆਂ ’ਚ ਹੀ ਕੇਸ ਦਰਜ ਕੀਤੇ ਗਏ ਹਨ।
ਪਿਛਲੇ 7 ਮਹੀਨਿਆਂ ਵਿਚ 30 ਮੁੰਡਿਆਂ ਨਾਲ ਵੀ ਬਦਫੈਲੀ ਹੋਈ ਹੈ ਪਰ ਇਨ੍ਹਾਂ ਵਿਚੋਂ ਸਿਰਫ਼ 20 ਮਾਮਲਿਆਂ ’ਚ ਹੀ ਕੇਸ ਦਰਜ ਕੀਤੇ ਗਏ ਹਨ। 49 ਕੁੜੀਆਂ ਨੂੰ ਸੜਕ ’ਤੇ ਸੈਕਸ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ 22 ਕੁੜੀਆਂ ਦਾ ਉਨ੍ਹਾਂ ਦੇ ਅਧਿਆਪਕਾਂ ਵਲੋਂ ਸ਼ੋਸ਼ਣ ਕੀਤਾ ਗਿਆ।
ਬੰਗਲਾਦੇਸ਼ ’ਚ ਸੁਪਰੀਮ ਕੋਰਟ ਦੀ ਵਕੀਲ ਆਇਸ਼ਾ ਅਖਤਰ ਨੇ ਦੱਸਿਆ ਕਿ ਸਮਾਜਿਕ ਕਲੰਕ, ਪਰਿਵਾਰਕ ਦਬਾਅ ਅਤੇ ਕਮਜ਼ੋਰ ਕਾਨੂੰਨੀ ਕਾਰਵਾਈ ਕਾਰਨ ਬਹੁਤ ਸਾਰੇ ਮਾਮਲੇ ਦਰਜ ਨਹੀਂ ਹੁੰਦੇ ਜਾਂ ਅਣਸੁਲਝੇ ਰਹਿੰਦੇ ਹਨ।