ਮਿਆਂਮਾਰ 'ਚ ਡਿੱਗੀਆਂ ਢਿੱਗਾਂ, 30 ਲੋਕਾਂ ਦੀ ਮੌਤ ਤੇ ਕਈ ਲਾਪਤਾ
Saturday, Aug 10, 2019 - 12:52 PM (IST)

ਮਾਲਮਿਆਇਨ— ਪੂਰਬੀ ਮਿਆਂਮਾਰ 'ਚ ਮਾਨਸੂਨ ਦੇ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ, ਇਸ ਕਾਰਨ ਇੱਥੋਂ ਦੇ ਇਕ ਪਿੰਡ 'ਚ ਢਿੱਗਾਂ ਡਿੱਗ ਗਈਆਂ, ਜਿਸ 'ਚ 30 ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਕਰਮਚਾਰੀਆਂ ਨੇ ਸੈਂਕੜੇ ਲਾਪਤਾ ਲੋਕਾਂ ਦੀ ਭਾਲ ਸ਼ਨੀਵਾਰ ਨੂੰ ਜਾਰੀ ਰੱਖੀ। ਇਹ ਘਟਨਾ ਸ਼ੁੱਕਰਵਾਰ ਨੂੰ ਮੋਨ ਸੂਬੇ 'ਚ ਵਾਪਰੀ, ਜਿੱਥੇ ਇਕ ਮੱਠ ਸਮੇਤ 16 ਘਰ ਪਾਣੀ 'ਚ ਰੁੜ੍ਹ ਗਏ। ਜਿਊਂਦੇ ਬਚੇ ਲੋਕਾਂ ਦੀ ਭਾਲ ਕਰਨ ਲਈ ਅਤੇ ਚਿੱਕੜ 'ਚੋਂ ਲਾਸ਼ਾਂ ਕੱਢਣ ਲਈ ਖੋਜ ਅਤੇ ਬਚਾਅ ਦਲ ਰਾਤ ਭਰ ਕੰਮ 'ਚ ਲੱਗੇ ਰਹੇ।
ਸਥਾਨਕ ਪ੍ਰਸ਼ਾਸਨ ਦੇ ਦਫਤਰ ਨੇ ਦੱਸਿਆ ਕਿ ਹਾਲ ਹੀ ਦੇ ਹਫਤਿਆਂ 'ਚ ਆਏ ਹੜ੍ਹ ਕਾਰਨ ਤਕਰੀਬਨ 89,000 ਲੋਕ ਘਰੋਂ-ਬੇਘਰ ਹੋ ਗਏ ਹਨ। ਦੂਜੇ ਪਾਸੇ ਵੀਅਤਨਾਮ 'ਚ ਵੀ ਇਸ ਹਫਤੇ ਭਿਆਨਕ ਹੜ੍ਹ ਆਇਆ। ਦੇਸ਼ ਦੇ ਮੱਧ ਪਰਬਤੀ ਖੇਤਰ 'ਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ। ਫਿਲਹਾਲ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।