WHO ਦੀ ਵਾਰਨਿੰਗ, ਮੋਟਾਪੇ ਤੇ ਕੁਪੋਸ਼ਣ ਕਾਰਨ 2025 ਤੱਕ ਹੋਣਗੀਆਂ 37 ਲੱਖ ਮੌਤਾਂ
Friday, Sep 06, 2019 - 03:00 PM (IST)

ਸੰਯੁਕਤ ਰਾਸ਼ਟਰ— ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਿਹਤਮੰਦ ਭੋਜਨ 'ਤੇ ਧਿਆਨ ਨਾ ਦੇਣ ਨਾਲ ਲਗਭਗ ਹਰ ਮੁਲਕ 'ਚ ਮੋਟੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਹ ਹੀ ਨਹੀਂ ਸਾਲ 1990 ਤੋਂ 2018 ਵਿਚਾਲੇ ਬੱਚਿਆਂ 'ਚ ਮੋਟਾਪੇ ਦੇ ਪੱਧਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਕੜਿਆਂ ਮੁਤਾਬਕ ਜੇਕਰ ਕੁਪੋਸ਼ਣ ਦੀ ਸਮੱਸਿਆ 'ਤੇ ਧਿਆਨ ਨਾ ਦਿੱਤਾ ਗਿਆ ਤਾਂ 2025 ਤੱਕ ਇਸ ਨਾਲ 37 ਲੱਖ ਮੌਤਾਂ ਹੋਣਗੀਆਂ। ਇਸ ਨੂੰ ਦੇਖਦੇ ਹੋਏ ਡਬਲਿਊ.ਐੱਚ.ਓ. ਨੇ ਆਪਣੇ ਨਵੇਂ ਦਿਸ਼ਾ ਨਿਰਦੇਸ਼ 'ਚ ਕਿਹਾ ਕਿ ਜੇਕਰ ਸਰਕਾਰਾਂ ਸਿਹਤਮੰਦ ਭੋਜਨ 'ਤੇ ਧਿਆਨ ਦੇਣ ਤਾਂ ਹੀ ਇਨ੍ਹਾਂ ਮੌਤਾਂ ਨੂੰ ਟਾਲਿਆ ਜਾ ਸਕਦਾ ਹੈ।
ਡਬਲਿਊ.ਐੱਚ.ਓ. ਵਲੋਂ ਜਾਰੀ ਰਿਪੋਰਟ 'ਏਸੈਂਸ਼ੀਅਲ ਨਿਊਟ੍ਰੀਸ਼ਨ ਐਕਸ਼ਨਸ: ਮੇਨਸਟ੍ਰੀਮਿੰਗ ਥਰੂਆਊਟ ਦ ਲਾਈਫ ਕੋਰਸ' 'ਚ ਕਿਹਾ ਗਿਆ ਹੈ ਕਿ ਮੌਜੂਦਾ ਵੇਲੇ 'ਚ ਬੱਚਿਆਂ 'ਚ ਮੋਟਾਪੇ ਦੀ ਸਮੱਸਿਆ 4.8 ਤੋਂ 5.9 ਫੀਸਦੀ ਤੱਕ ਪਹੁੰਚ ਗਈ ਹੈ। ਰਿਪੋਰਟ 'ਚ ਗਲੋਬਲ ਸਿਹਤ ਦੀ ਬੁਨਿਆਦ ਦੇ ਤੌਰ 'ਤੇ ਸ਼ੁਰੂਆਤੀ ਦੇਖਭਾਲ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਸਾਲ 1990 ਤੋਂ 2018 ਦੇ ਵਿਚਾਲੇ 90 ਲੱਖ ਤੋਂ ਜ਼ਿਆਦਾ ਬੱਚਿਆਂ 'ਚ ਮੋਟਾਪੇ ਦੀ ਸਮੱਸਿਆ ਸਿਹਤਮੰਦ ਭੋਜਨ 'ਤੇ ਧਿਆਨ ਨਾ ਦੇਣ ਕਾਰਨ ਹੋਈ ਹੈ। ਵਿਅਸਕਾਂ ਦੀ ਗੱਲ ਕਰੀਏ ਤਾਂ ਸਾਲ 2016 'ਚ 1.3 ਅਰਬ ਲੋਕਾਂ 'ਚ ਓਵਰ ਵੇਟ ਦੀ ਸਮੱਸਿਆ ਪਾਈ ਗਈ ਹੈ।
ਡਬਲਿਊ.ਐੱਚ.ਓ. ਦੇ ਸਹਾਇਕ ਡਾਇਰੈਕਟਰ ਜਨਰਲ ਨਾਓਕੋ ਯਾਮਾਮੋਤੋ ਨੇ ਕਿਹਾ ਕਿ ਪੋਸ਼ਣ ਨੂੰ ਜ਼ਰੂਰੀ ਸਿਹਤ ਸਾਵਧਾਨੀਆਂ ਦੇ ਤੌਰ 'ਤੇ ਲਿਆ ਜਾਣਾ ਚਾਹੀਦਾ ਹੈ। ਸਾਨੂੰ ਭੋਜਨ ਦੇ ਮੁੱਦੇ 'ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਉਹ ਸਿਹਤਮੰਦ ਖਾਣੇ ਨਾਲ ਆਪਣਾ ਪੋਸ਼ਣ ਕਰ ਸਕਣ। ਡਬਲਿਊ.ਐੱਚ.ਓ. ਨੇ ਆਪਣੇ ਬਿਆਨ 'ਚ ਕਿਹਾ ਕਿ ਦੇਸ਼ਾਂ 'ਚ ਪੋਸ਼ਣ ਸਬੰਧੀ ਪਹਿਲਕਦਮੀਆਂ ਕਰਨ ਨਾਲ ਅਰਥਵਿਵਸਥਾ ਨੂੰ ਮਜ਼ਬੂਤ ਕਰਨ 'ਚ ਮਦਦ ਮਿਲ ਸਕਦੀ ਹੈ। ਦੱਸ ਦਈਏ ਕਿ ਮੋਟਾਪਾ ਡਾਇਬਟੀਜ਼ ਦਾ ਇਕ ਮੁੱਖ ਕਾਰਨ ਹੈ। ਇਸ ਨਾਲ ਦਿਲ ਦੀ ਬੀਮਾਰੀ ਤੇ ਕਿਡਨੀ ਦੀਆਂ ਬੀਮਾਰੀਆਂ ਦਾ ਵੀ ਖਤਰਾ ਰਹਿੰਦਾ ਹੈ।