ਨਿਵੇਸ਼ ਦੇ ਨਾਂ ’ਤੇ 32 ਲੱਖ ਰੁਪਏ ਦੀ ਮਾਰੀ ਠੱਗੀ, ਪਰਚਾ
Tuesday, Sep 16, 2025 - 01:39 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਸਰਗਰਮ ਸਾਈਬਰ ਠੱਗਾਂ ਨੇ ਵਿਅਕਤੀ ਨੂੰ ਆਨਲਾਈਨ ਨਿਵੇਸ਼ ਦਾ ਲਾਲਚ ਦੇ ਕੇ 32 ਲੱਖ 11 ਹਜ਼ਾਰ 58 ਰੁਪਏ ਦੀ ਠੱਗੀ ਮਾਰ ਲਈ। ਠੱਗਾਂ ਨੇ ਪੀੜਤ ਨੂੰ ਕੰਪਨੀ ’ਚ ਨਿਵੇਸ਼ ਕਰਕੇ ਚੰਗਾ ਮੁਨਾਫ਼ਾ ਕਮਾਉਣ ਦਾ ਲਾਲਚ ਦੇ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਕੁੱਝ ਸਮੇਂ ਬਾਅਦ ਨਿਵੇਸ਼ ਕੀਤੀ ਰਕਮ ਨਾ ਨਿਕਲਣ ਕਾਰਨ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਮਾਮਲੇ ਦੀ ਪੀੜਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ।
ਇਸ ਦੇ ਆਧਾਰ ’ਤੇ ਮੁੱਢਲੀ ਜਾਂਚ ਤੋਂ ਬਾਅਦ ਸਾਈਬਰ ਪੁਲਸ ਸਟੇਸ਼ਨ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਸਾਈਬਰ ਪੁਲਸ ਸਟੇਸ਼ਨ ਨੂੰ ਦਿੱਤੀ ਸ਼ਿਕਾਇਤ ’ਚ ਕਪਿਸ਼ ਚੌਧਰੀ ਨੇ ਕਿਹਾ ਕਿ ਉਸਨੇ ਐੱਫ. ਆਈ. ਐੱਲ. ਡਾਟਾ ਵਿਸ਼ਲੇਸ਼ਣ ਨਾਮ ਦੀ ਕੰਪਨੀ ’ਚ 32 ਲੱਖ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਸੀ। ਉਹ ਯੂ. ਕੇ. ਦੇ ਨਾਗਰਿਕ ਸ਼ੈਮਯੂਲ ਨਾਮ ਦੇ ਵਿਆਕਤੀ ਦੇ ਸੰਪਰਕ ’ਚ ਸੀ, ਜਿਸਨੇ ਨਿਵੇਸ਼ ਜਾਰੀ ਰੱਖਣ ਲਈ ਹੋਰ 7 ਲੱਖ 61 ਹਜ਼ਾਰ ਰੁਪਏ ਦੀ ਮੰਗ ਕੀਤੀ। ਜਦੋਂ ਪੀੜਤ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ, ਤਾਂ ਉਸਨੇ ਪੁਲਸ ਨੂੰ ਸੂਚਿਤ ਕੀਤਾ। ਫਿਲਹਾਲ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਬੈਂਕ ਖ਼ਾਤਿਆਂ ਦੇ ਵੇਰਵਿਆਂ ਦੀ ਜਾਂਚ ਕਰਕੇ ਮੁਲਜ਼ਮਾਂ ਦਾ ਪਤਾ ਲਗਾਉਣ ’ਚ ਰੁੱਝਿਆ ਹੋਇਆ ਹੈ।