ਰੂਸ-ਯੂਕ੍ਰੇਨ ਯੁੱਧ: ਮਾਰੀਉਪੋਲ 'ਚ ਮਿਲੀ ਸਮੂਹਿਕ ਕਬਰ, 3 ਤੋਂ 9 ਹਜ਼ਾਰ ਨਾਗਰਿਕਾਂ ਨੂੰ ਦਫਨਾਏ ਜਾਣ ਦਾ ਖਦਸ਼ਾ
Friday, Apr 22, 2022 - 04:05 PM (IST)
ਕੀਵ (ਬਿਊਰੋ): ਰੂਸ-ਯੂਕ੍ਰੇਨ ਯੁੱਧ ਦਰਮਿਆਨ ਮਾਰੀਉਪੋਲ ਸ਼ਹਿਰ ਇਸ ਸਮੇਂ ਚਰਚਾ ਵਿਚ ਹੈ। ਖਾਰਕੀਵ, ਸੁਮੀ ਵਿਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਮਾਰੀਉਪੋਲ ਪੁਤਿਨ ਦੀ ਫ਼ੌਜ ਦੇ ਨਿਸ਼ਾਨੇ 'ਤੇ ਹੈ। ਰੂਸ ਦਾ ਦਾਅਵਾ ਹੈ ਕਿ ਉਸ ਨੇ ਮਾਰੀਉਪੋਲ ਨੂੰ ਯੂਕ੍ਰੇਨ ਤੋਂ 'ਆਜ਼ਾਦ' ਕਰਾ ਦਿੱਤਾ ਹੈ। ਇਸ ਵਿਚਕਾਰ ਇੱਥੋਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਅੱਤਿਆਚਾਰ ਦੀ ਗਵਾਹੀ ਦੇ ਰਹੀਆਂ ਹਨ।ਮਾਰੀਉਪੋਲ ਵਿਚ ਇਕ ਵਿਸ਼ਾਲ ਸਮੂਹਿਕ ਕਬਰ ਦੀ ਤਸਵੀਰ ਸਾਹਮਣੇ ਆਈ ਹੈ। ਮਾਰੀਉਪੋਲ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇੱਥੇ ਰੂਸੀ ਫ਼ੌਜ ਨੇ 3,000 ਤੋਂ 9,000 ਯੂਕ੍ਰੇਨੀ ਨਾਗਰਿਕਾਂ ਨੂੰ ਮਾਰ ਕੇ ਦਫਨਾ ਦਿੱਤਾ ਹੈ।
ਇੱਥੇ ਦੱਸ ਦਈਏ ਕਿ ਮੈਕਸਰ ਤਕਨਾਲੋਜੀ ਨੇ ਵੀਰਵਾਰ ਨੂੰ ਕੁਝ ਸੈਟੇਲਾਈਟ ਇਮੇਜ ਜਾਰੀ ਕੀਤੀਆਂ ਸਨ। ਇਹ ਤਸਵੀਰਾਂ ਮਾਨਹੁਸ ਦੀਆਂ ਹਨ ਜੋ ਕਿ ਡੋਨੇਟਸਕ ਸੂਬੇ ਦਾ ਇਕ ਸ਼ਹਿਰ ਹੈ। ਇਹ ਜਗ੍ਹਾ ਮਾਰੀਉਪੋਲ ਤੋਂ ਕਰੀਬ 20 ਕਿਲੋਮੀਟਰ ਦੂਰ ਹੈ। ਤਿੰਨ ਅਪ੍ਰੈਲ ਦੀ ਇਸ ਤਸਵੀਰ ਮੁਤਾਬਕ ਇੱਥੇ ਕਰੀਬ 200 ਕਬਰਾਂ ਮਿਲੀਆਂ ਹਨ। ਇੱਥੇ ਕਬਰਾਂ ਦੇ ਚਾਰ ਸੈਕਸ਼ਨ ਮਿਲੇ ਹਨ ਅਤੇ ਹਰੇਕ ਦੀ ਲੰਬਾਈ 85 ਮੀਟਰ ਦੇ ਕਰੀਬ ਹੈ।
ਪੜ੍ਹੋ ਇਹ ਅਹਿਮ ਖ਼ਬਰ -ਰੂਸ ਦੀ ਚੇਤਾਵਨੀ ਦੇ ਬਾਵਜੂਦ ਟਰੂਡੋ ਨੇ ਸਵੀਡਨ, ਫਿਨਲੈਂਡ ਦੇ ਨਾਟੋ 'ਚ ਸ਼ਾਮਲ ਹੋਣ ਦਾ ਕੀਤਾ ਸਮਰਥਨ
ਰੂਸ ਦੇ ਰੱਖਿਆ ਮੰਤਰੀ ਮੁਤਾਬਕ ਮਾਰੀਉਪੋਲ ਦੀ 'ਆਜ਼ਾਦੀ' 'ਤੇ ਵਲਾਦੀਮੀਰ ਪੁਤਿਨ ਨੇ ਖੁਸ਼ੀ ਜਾਹਰ ਕੀਤੀ। ਰੱਖਿਆ ਮੰਤਰੀ ਨੇ ਕਿਹਾ ਕਿ ਐਜ਼ੋਵਸਟਲ ਸਟੀਲ ਪਲਾਂਟ ਦੇ ਇਲਾਵਾ ਬਾਕੀ ਪੂਰੇ ਸ਼ਹਿਰ 'ਤੇ ਮਾਸਕੋ ਦਾ ਕਬਜ਼ਾ ਹੈ। ਸਟੀਲ ਪਲਾਂਟ ਵਿਚ ਫਿਲਹਾਲ ਯੂਕ੍ਰੇਨੀ ਫ਼ੌਜੀ ਮੌਜੂਦ ਹਨ। ਯੁੱਧ ਵਿਚ ਪੁਤਿਨ ਦੀ ਮਦਦ ਕਰ ਰਹੇ ਚੇਚਨ ਬਾਗੀ ਰਮਜ਼ਾਨ ਕਾਦਿਰੋਵ ਦੇ ਲੋਕਾਂ ਨੇ ਵੀ ਕਿਹਾ ਹੈ ਕਿ ਮਾਰੀਉਪੋਲ ਨੂੰ ਤਬਾਹ ਕਰਨ ਦਾ ਸਪੈਸ਼ਲ ਆਪਰੇਸ਼ਨ ਪੂਰਾ ਹੋ ਚੁੱਕਾ ਹੈ। ਇਸ ਦਰਮਿਆਨ ਮਾਰੀਉਪੋਲ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਇੱਥੋਂ ਲੋਕਾਂ ਨੂੰ Zaporizhzhia (ਯੂਕ੍ਰੇਨ ਦਾ ਸ਼ਹਿਰ) ਭੇਜਿਆ ਜਾ ਰਿਹਾ ਹੈ। ਹਾਲਾਂਕਿ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਆਸਾਨ ਨਹੀਂ ਹੈ।