ਇਟਲੀ 'ਚ 26/11 ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ, ਭਾਰਤੀਆਂ ਨੇ ਸ਼ਹੀਦਾਂ ਨੂੰ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ

Monday, Nov 29, 2021 - 02:48 PM (IST)

ਇਟਲੀ 'ਚ 26/11 ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ, ਭਾਰਤੀਆਂ ਨੇ ਸ਼ਹੀਦਾਂ ਨੂੰ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ

ਰੋਮ (ਕੈਂਥ): ਦੁਨੀਆ ਵਿੱਚ ਕਾਫੀ ਦੇਸ਼ ਪਿਛਲੇ ਸਮਿਆਂ ਵਿੱਚ ਵੱਖੋ ਵੱਖ ਅੱਤਵਾਦੀ ਹਮਲਿਆਂ ਕਾਰਨ ਪ੍ਰਭਾਵਿਤ ਰਹੇ ਹਨ। ਇਨ੍ਹਾਂ ਹਮਲਿਆਂ ਕਾਰਨ ਭਾਰੀ ਗਿਣਤੀ ਵਿੱਚ ਬੇਕਸੂਰ ਲੋਕਾਂ ਨੂੰ ਆਪਣੀਆਂ ਜਾਨਾ ਗੁਆਣੀਆਂ ਪਈਆਂ ਹਨ। ਭਾਰਤ ਵੀ ਕਾਫ਼ੀ ਸਮੇਂ ਤੋਂ ਅੱਤਵਾਦ ਨਾਲ ਜੂਝਦਾ ਰਿਹਾ ਹੈ। ਭਾਰਤ ਵਿੱਚ ਕਾਫ਼ੀ ਵਾਰ ਹੋਏ ਅੱਤਵਾਦੀ ਹਮਲਿਆਂ ਵਿੱਚ ਬੇਕਸੂਰ ਨਿਰਦੋਸ਼ ਲੋਕ ਮਾਰੇ ਗਏ ਹਨ। ਅਜਿਹੀ ਹੀ ਇਕ ਘਟਨਾ ਭਾਰਤ ਦੇ ਸ਼ਹਿਰ ਮੁੰਬਈ ਵਿੱਚ ਅੱਜ ਤੋਂ 13 ਸਾਲ ਪਹਿਲਾਂ ਮਤਲਬ 26 ਨਵੰਬਰ, 2008 ਨੂੰ ਵਾਪਰੀ ਸੀ। 

ਪੜ੍ਹੋ ਇਹ ਅਹਿਮ ਖਬਰ -ਕੈਨੇਡਾ ਨੇ 26/11 ਅੱਤਵਾਦੀ ਹਮਲੇ ਦੀ ਮਨਾਈ 13ਵੀਂ ਬਰਸੀ

ਇਸ ਅੱਤਵਾਦੀ ਹਮਲੇ ਵਿਚ ਪਾਕਿਸਤਾਨ ਦੀ ਕੱਟੜ ਅੱਤਵਾਦੀ ਜਥੇਬੰਦੀ ਲਸ਼ਕਰ ਏ ਤੋਇਬਾ ਦੇ 10 ਅੱਤਵਾਦੀਆਂ ਨੇ ਸਮੁੰਦਰੀ ਮਾਰਗ ਦੁਆਰਾ ਮੁੰਬਈ ਦੇ ਤਾਜ ਹੋਟਲ ਵਿਖੇ ਬੰਬ ਚਲਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।ਇਸ ਦਿਲ ਦਹਿਲਾ ਦੇਣ ਵਾਲੇ ਹਮਲੇ ਵਿੱਚ 166 ਬੇਕਸੂਰ ਲੋਕਾਂ ਦੀ ਜਾਨ ਗਈ ਸੀ ਜਦੋਂ ਕਿ ਭਾਰਤ ਦੇ 18 ਸੁਰੱਖਿਆ ਕਰਮੀ ਵੀ ਸ਼ਹੀਦ ਹੋਏ ਸਨ। 26 ਨਵੰਬਰ ਵਾਲਾ ਇਹ ਦਿਨ ਜਦੋਂ ਵੀ ਆਉਂਦਾ ਹੈ ਤਾਂ ਇਸ ਨੂੰ ਯਾਦ ਕਰਕੇ ਜ਼ਖਮ ਫਿਰ ਹਰੇ ਹੋ ਜਾਂਦੇ ਹਨ ਅਤੇ ਲੱਖਾਂ ਅੱਖਾਂ ਗਮਗੀਨ ਹੋ ਜਾਂਦੀਆਂ ਹਨ। ਦੁਨੀਆ ਭਰ ਵਿੱਚ ਇਸ ਹਮਲੇ ਵਿੱਚ ਵੀਰਗਤੀ ਪਾਉਣ ਵਾਲੇ ਸੂਰਵੀਰ ਯੋਧਿਆਂ ਨੂੰ ਯਾਦ ਕਰਦਿਆਂ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ।ਇਸ ਕਾਲੇ ਦਿਨ ਨੂੰ ਯਾਦ ਕਰਦੇ ਹੋਏ ਭਾਰਤ ਇਟਾਲੀਆ ਸੰਸਥਾ ਇਟਲੀ ਵੱਲੋਂ ਇਟਲੀ ਦੇ ਸ਼ਹਿਰ ਕਰਮੋਨਾ ਵਿਖੇ ਇਸ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਰੋਹ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ।

ਪੜ੍ਹੋ ਇਹ ਅਹਿਮ ਖਬਰ -ਇਟਲੀ ਤੋਂ ਦੁਖਦਾਇਕ ਖ਼ਬਰ, ਜਲੰਧਰ ਜ਼ਿਲ੍ਹੇ ਦੇ ਵਿਅਕਤੀ ਦੀ ਹੋਈ ਮੌਤ

ਭਾਰਤ ਇਟਾਲੀਆ ਸੰਸਥਾ ਦੁਆਰਾ ਕਰਵਾਏ ਇਸ ਪ੍ਰਦਰਸ਼ਨ ਵਿੱਚ 26 ਨਵੰਬਰ 2008 ਦੇ ਕਾਲੇ ਦਿਨ ਨੂੰ ਯਾਦ ਕਰਦੇ ਹੋਏ   ਅੱਤਵਾਦ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦਿਨ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਯਾਦ ਕਰਦੇ ਹੋਏ 2 ਮਿੰਟ ਦਾ ਮੌਨ ਧਾਰਨ ਕਰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਇਟਲੀ ਦੇ ਸ਼ਹਿਰ ਕਰਮੋਨਾ ਵਿੱਚ ਕੀਤੇ ਪ੍ਰਦਰਸ਼ਨ ਦੌਰਾਨ ਜਿੱਥੇ ਭਾਰਤ ਅਤੇ ਇਟਲੀ ਦਾ ਝੰਡਾ ਲਹਿਰਾਇਆ ਗਿਆ, ਉੱਥੇ ਹੀ ਅੱਤਵਾਦ  ਦੇ ਖ਼ਿਲਾਫ਼ ਤਖ਼ਤੀਆਂ ਵੀ ਲਾਈਆਂ ਗਈਆਂ।ਇਸ ਪ੍ਰਦਰਸ਼ਨ ਵਿਚ ਜਿੱਥੇ ਵੱਖ ਵੱਖ ਬੁਲਾਰਿਆਂ ਦੁਆਰਾ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ, ਉੱਥੇ ਹੀ ਇਨ੍ਹਾਂ ਨੇ ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਹੋ ਰਹੇ ਹਮਲੇ ਦੀ ਵੀ ਚਿੰਤਾ ਜ਼ਾਹਿਰ ਕੀਤੀ।

PunjabKesari

ਇਸ ਸ਼ਰਧਾਂਜਲੀ ਸਮਾਰੋਹ ਮੌਕੇ ਜਦੋਂ ਭਾਵੁਕ ਹੋਏ ਭਾਰਤੀਆਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕੀਤੇ ਤਾਂ ਪ੍ਰਦਰਸ਼ਨ ਦੇਖ ਰਹੇ ਪਾਕਿਸਤਾਨੀ ਮੂਲ ਦੇ ਕੁਝ ਨੌਜਵਾਨਾਂ ਤੋਂ ਬਰਦਾਸ਼ਤ ਨਾ ਹੋ ਸਕਿਆ ਤੇ ਉਹ ਭੜਕ ਉੱਠੇ। ਇਨ੍ਹਾਂ ਪਾਕਿਸਤਾਨੀ ਮੂਲ ਦੇ ਨੌਜਵਾਨਾਂ ਨੇ ਸੰਸਥਾ ਦੇ ਮੈਂਬਰਾਂ ਦੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਦਾ ਵਿਰੋਧ ਕੀਤਾ, ਜਿਸ ਦੌਰਾਨ ਦੋਨਾਂ ਮੁਲਕਾਂ ਦੇ ਸਮਰਥਕਾਂ ਵਿੱਚ ਤੂੰ ਤੂੰ ਮੈਂ ਮੈਂ ਵੀ ਹੋਈ, ਜਿਸ ਨੂੰ ਇਟਲੀ ਦੀ ਪੁਲਸ ਦੁਆਰਾ ਮੌਕੇ 'ਤੇ ਪਹੁੰਚ ਕੇ ਖ਼ਤਮ ਕਰਵਾਇਆ ਗਿਆ।ਪਾਕਿਸਤਾਨੀ ਨੌਜਵਾਨਾਂ ਦੀ ਬੇਤੁੱਕੀ ਦਖ਼ਲਅੰਦਾਜੀ ਦੀ ਪ੍ਰੋਗਰਾਮ ਪੇਸ਼ ਕਰਤਾ ਆਗੂ ਵਿਜੈ ਸਲਵਾਨ ਤੇ ਅਨਿਲ ਕੁਮਾਰ ਲੋਧੀ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਦਾ ਪ੍ਰੋਗਰਾਮ ਸ਼ਾਤੀਪੂਰਵਕ ਢੰਗ ਨਾਲ ਹੋਇਆ ਹੈ ਜਿਸ ਨੂੰ ਕੁਝ ਲੋਕ ਜਾਣ-ਬੁੱਝ ਕੇ ਅਸਫਲ ਕਰਨਾ ਚਾਹੁੰਦੇ ਸਨ।


author

Vandana

Content Editor

Related News