ਚੀਨ ''ਚ ਕੋਰੋਨਾ ਦੇ 25 ਨਵੇਂ ਮਾਮਲੇ, ਬਿਨਾ ਲੱਛਣ ਵਾਲੇ ਸਭ ਤੋਂ ਵੱਧ ਪੀੜਤ ਵੁਹਾਨ ''ਚ

Monday, May 18, 2020 - 12:11 PM (IST)

ਚੀਨ ''ਚ ਕੋਰੋਨਾ ਦੇ 25 ਨਵੇਂ ਮਾਮਲੇ, ਬਿਨਾ ਲੱਛਣ ਵਾਲੇ ਸਭ ਤੋਂ ਵੱਧ ਪੀੜਤ ਵੁਹਾਨ ''ਚ

ਬੀਜਿੰਗ- ਚੀਨ 'ਚ ਕੋਰੋਨਾ ਵਾਇਰਸ ਦੇ 25 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਨ੍ਹਾਂ 'ਚੋਂ 14 ਮਾਮਲੇ ਵੁਹਾਨ ਵਿਚੋਂ ਹਨ, ਜਿਨ੍ਹਾਂ ਵਿਚੋਂ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਨਹੀਂ ਦਿੱਤੇ। ਸਭ ਤੋਂ ਪਹਿਲਾਂ ਵੁਹਾਨ ਤੋਂ ਹੀ ਕੋਰੋਨਾ ਦੇ ਮਾਮਲੇ ਆਉਣੇ ਸ਼ੁਰੂ ਹੋਏ ਸਨ। ਹੁਣ ਇੱਥੇ 1.1 ਕਰੋੜ ਨਾਗਰਿਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਹਾਲਾਂਕਿ, ਚੀਨ ਵਿਚ ਇਸ ਵਾਇਰਸ ਨਾਲ ਮੌਤ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਮੌਤਾਂ ਦੀ ਗਿਣਤੀ 4,634 ਹੀ ਬਣੀ ਹੋਈ ਹੈ। 

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ, 18 ਲੋਕ ਅਜਿਹੇ ਹਨ, ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਦਿਖਾਈ ਦੇ ਰਹੇ। ਜਿਲਿਨ ਸੂਬੇ ਵਿਚ ਕੁਝ ਥਾਵਾਂ 'ਤੇ ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਕਾਬੂ ਵਿਚ ਰੱਖਣ ਲਈ ਸਖਤ ਕਦਮ ਚੁੱਕੇ ਹਨ। ਐਤਵਾਰ ਨੂੰ ਇੱਥੇ ਇਨਫੈਕਸ਼ਨ ਦੇ ਦੋ ਹੋਰ ਅਤੇ ਸ਼ੰਘਾਈ ਸ਼ਹਿਰ ਵਿਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। 
ਐਤਵਾਰ ਤੱਕ, ਚੀਨ ਵਿਚ ਵਾਇਰਸ ਦੇ 82,954 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਸਿਰਫ 82 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ, 78,238 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਕਮਿਸ਼ਨ ਨੇ ਕਿਹਾ ਕਿ ਐਤਵਾਰ ਨੂੰ ਵਾਇਰਸ ਦੇ ਲੱਛਣ ਨਾ ਦਿਖਾਈ ਦੇਣ ਵਾਲੇ 18 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਅਜਿਹੇ 448 ਲੋਕਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਵਾਇਰਸ ਦੇ ਲੱਛਣ ਨਾ ਦਿਖਣ ਤੋਂ ਭਾਵ ਅਜਿਹੇ ਮਰੀਜ਼ ਜਿਨ੍ਹਾਂ ਨੂੰ ਖੰਘ, ਗਲੇ ਵਿਚ ਦਰਦ ਅਤੇ ਬੁਖਾਰ ਵਰਗੇ ਲੱਛਣ ਦਿਖਾਈ ਨਹੀਂ ਦਿੰਦੇ। ਇਸ ਲਈ ਇਨ੍ਹਾਂ ਮਰੀਜ਼ਾਂ ਤੋਂ ਦੂਜਿਆਂ ਨੂੰ ਵਾਇਰਸ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। 
ਸਥਾਨਕ ਸਿਹਤ ਕਮਿਸ਼ਨ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵੁਹਾਨ ਵਿਚ 1.1 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਵਾਇਰਸ ਦੇ ਲੱਛਣ ਨਾ ਦਿਖਾਈ ਦੇਣ ਵਾਲੇ ਪੀੜਤਾਂ ਦੀ ਗਿਣਤੀ 337 ਹੋ ਗਈ ਹੈ। ਹੁਬੇਈ ਸੂਬੇ ਵਿਚ ਹੁਣ ਤੱਕ 4,512 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 3,869 ਮੌਤਾਂ ਵੁਹਾਨ ਵਿਚ ਹੋਈ ਹੈ। ਚੀਨ ਵਿਚ ਵਾਇਰਸ ਦੇ ਮਾਮਲਿਆਂ ਵਿਚ ਕਮੀ ਆਉਣ ਦੇ ਬਾਅਦ ਬੀਜਿੰਗ ਵਿਚ ਹੁਣ ਲੋਕਾਂ ਨੂੰ ਮਾਸਕ ਪਾਉਣ ਤੋਂ ਛੋਟ ਦੇ ਦਿੱਤੀ ਗਈ ਹੈ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਰਾਜਧਾਨੀ ਵਿਚ ਵਾਇਰਸ ਕੰਟਰੋਲ ਵਿਚ ਹੈ। 


author

Lalita Mam

Content Editor

Related News