ਇਟਲੀ ਤੇ ਯੂਰਪ ਲਈ ਸਭ ਤੋਂ ਠੰਡਾ ਰਹੇਗਾ ਸਾਲ 2025

Tuesday, Feb 18, 2025 - 05:17 PM (IST)

ਇਟਲੀ ਤੇ ਯੂਰਪ ਲਈ ਸਭ ਤੋਂ ਠੰਡਾ ਰਹੇਗਾ ਸਾਲ 2025

ਰੋਮ (ਦਲਵੀਰ ਕੈਂਥ)- ਉਂਝ ਤਾਂ ਇਟਲੀ ਦੇ ਬਹੁਤੇ ਹਿੱਸਿਆਂ ਵਿੱਚ ਗਰਮੀ ਤੇ ਠੰਡ ਹਰ ਸਾਲ ਖੁੱਲ ਕੇ ਆਪਣੀ ਹੋਂਦ ਦਾ ਜਨਤਾ ਨੂੰ ਅਹਿਸਾਸ ਕਰਵਾਉਂਦੇ ਹਨ ਪਰ ਫਿਰ ਵੀ ਇਟਲੀ ਦੇ ਮੌਸਮ ਵਿਭਾਗ ਅਨੁਸਾਰ ਸਾਲ 2025 ਨੂੰ ਯੂਰਪ ਲਈ ਪਿਛਲੇ 20 ਸਾਲਾਂ ਦੌਰਾਨ ਸਭ ਤੋਂ ਵੱਧ ਠੰਡਾ ਸਾਲ ਕਿਹਾ ਜਾ ਸਕਦਾ ਹੈ, ਕਿਉਂਕਿ ਇਟਲੀ ਦੇ ਕਈ ਸੂਬਿਆਂ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ। ਇਸ ਠੰਡ ਦਾ ਮੁੱਖ ਕਾਰਨ ਰੂਸੀ ਆਰਟਿਕ ਹਵਾ ਦਾ ਮੰਨਿਆ ਜਾ ਰਿਹਾ, ਜਿਹੜੀ ਕਿ ਬਾਲਕਾਨ (ਪਹਾੜੀ ਖੇਤਰ) ਤੋਂ ਪ੍ਰਭਾਵਿਤ ਹੋ ਕੇ ਯੂਰਪੀਅਨ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ।

ਅਗਲੇ ਦਿਨਾਂ ਵਿੱਚ ਯੂਨਾਨ, ਤੁਰਕੀ, ਇੱਥੋਂ ਤੱਕ ਕਿ ਸੀਰੀਆ, ਲੇਬਲਾਨ, ਇਜ਼ਰਾਈਲ ਤੋਂ ਇਲਾਵਾ ਮਿਸਰ ਦੇ ਮੈਦਾਨੀ ਇਲਾਕਿਆਂ ਵਿੱਚ ਬਰਫ਼ ਪੈ ਸਕਦੀ ਹੈ, ਜਿਸ ਕਾਰਨ ਤਾਪਮਾਨ ਹੋਰ ਹੇਠਾਂ ਡਿੱਗ ਸਕਦਾ ਹੈ। ਇਟਲੀ ਦੇ ਮੌਸਮ ਵਿਭਾਗ ਅਨੁਸਾਰ ਪਿਛਲੇ 15-20 ਸਾਲਾਂ ਦੇ ਮੁਕਾਬਲੇ ਇਸ ਸਾਲ ਦੇਸ਼ ਵਿੱਚ ਵੱਧ ਠੰਡ ਪੈ ਰਹੀ ਹੈ। ਪਿਛਲੇ ਸਮੇਂ ਦੌਰਾਨ ਸਾਲ 2018, 2017, 2015 ਤੇ 2014 ਵਿੱਚ ਠੰਡੇ ਮੌਸਮ ਕਾਰਨ ਬੇਸ਼ੱਕ ਤਾਪਮਾਨ ਨੇ ਇਟਲੀ ਦੇ ਕੇਂਦਰ ਤੇ ਉੱਤਰੀ ਇਲਾਕੇ ਨੂੰ ਬੇਹੱਦ ਪ੍ਰਭਾਵਿਤ ਕੀਤਾ ਸੀ ਪਰ ਸਾਲ 20025 ਵਿੱਚ ਲਗਾਤਾਰ ਡਿੱਗ ਰਿਹਾ ਤਾਪਮਾਨ ਆਮ ਜਨ-ਜੀਵਨ ਪ੍ਰਭਾਵਿਤ ਕਰ ਰਿਹਾ ਹੈ।

ਜੇਕਰ ਗੱਲ ਯੂਰਪ ਦੀ ਕੀਤੀ ਜਾਵੇ ਤਾਂ ਬਾਲਕਨ ਕਾਰਨ ਆਮ ਤੌਰ 'ਤੇ ਪੂਰਬੀ ਯੂਰਪ ਅਤੇ ਸਕੈਂਡੇਨੇਵੀਆ ਅਸਲ ਵਿੱਚ ਹਾਲ ਹੀ ਦੇ ਸਾਲਾਂ ਦੀਆਂ ਸਭ ਤੋਂ ਤੀਬਰ ਠੰਡੀਆਂ ਲਹਿਰਾਂ ਵਿੱਚ ਇੱਕ ਅਨੁਭਵ ਕਰ ਰਹੇ ਹਨ। ਯੂਰਪੀ ਰੂਸ ਦੇ ਨਾਲ -ਨਾਲ ਫਿਨਲੈਂਡ ਵਿੱਚ ਸਿਖ਼ਰ ਤਾਪਮਾਨ -30 ਸੈਲਸੀਅਸ ਤੱਕ ਪਹੁੰਚ ਗਿਆ ਹੈ। ਯੂਕਰੇਨ ਅਤੇ ਬੇਲਾਰੂਸ ਵਿੱਚ ਤਾਪਮਾਨ -18/-20 ਸੈਲਸੀਅਸ ਤੱਕ, ਹੰਗਰੀ, ਪੋਲੈਂਡ, ਸਲੋਵਾਕੀਆ ਵਿੱਚ ਤਾਪਮਾਨ -15/-17 ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਮੱਧ ਯੂਰਪ ਵਿੱਚ ਵੀ ਕੜਾਕੇ ਦੀ ਠੰਡ ਹੈ। ਜਰਮਨੀ ਵਿੱਚ ਸਿਖ਼ਰ ਤਾਪਮਾਨ -10/-12 ਸੈਲਸੀਅਸ, ਡੈਨਮਾਰਕ, ਹਾਲੈਂਡ, ਬੈਲਜੀਅਮ ਵਿੱਚ ਤਾਪਮਾਨ -6/-8 ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਇੰਗਲੈਂਡ ਅਤੇ ਫਰਾਂਸ ਵੀ ਜ਼ੀਰੋ ਤੋਂ ਹੇਠਾਂ ਤਾਪਮਾਨ ਦਰਜ ਕੀਤਾ ਗਿਆ ਹੈ।


author

cherry

Content Editor

Related News