2 ਗੱਡੀਆਂ, 6 ਹਮਲਾਵਰ, 50 ਗੋਲੀਆਂ, ਕੈਨੇਡਾ 'ਚ 90 ਸਕਿੰਟਾਂ 'ਚ ਇੰਝ ਹੋਇਆ ਸੀ ਨਿੱਝਰ ਦਾ ਕਤਲ

Wednesday, Sep 27, 2023 - 10:05 AM (IST)

ਸਰੀ (ਅਨਸ)- 18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਇਕ ਗੁਰਦੁਆਰੇ ਦੇ ਬਾਹਰ ਖਾਲਿਸਤਾਨ ਪੱਖੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਘੱਟੋ-ਘੱਟ 6 ਲੋਕ ਅਤੇ 2 ਵਾਹਨ ਸ਼ਾਮਲ ਸਨ। ਅਮਰੀਕੀ ਅਖਬਾਰ ‘ਵਾਸ਼ਿੰਗਟਨ ਪੋਸਟ’ ਵੱਲੋਂ ਕਤਲੇਆਮ ਦੀ ਵੀਡੀਓ ਦੀ ਸਮੀਖਿਆ ਅਤੇ ਗਵਾਹਾਂ ਦੇ ਬਿਆਨਾਂ ਤੋਂ ਪਤਾ ਲੱਗਾ ਹੈ ਕਿ ਜਿਵੇਂ ਪਹਿਲਾਂ ਸੋਚਿਆ ਜਾ ਰਿਹਾ ਸੀ, ਉਸ ਤੋਂ ਵੀ ਵੱਡੇ ਅਤੇ ਵੱਧ ਸੰਗਠਿਤ ਆਪ੍ਰੇਸ਼ਨ ਵਿਚ ਨਿੱਝਰ ਨੂੰ ਮਾਰਿਆ ਗਿਆ ਸੀ। ਵੀਡੀਓ ਵਿਚ ਹਮਲਾਵਰ ਸਿੱਖ ਗੈੱਟਅੱਪ ਵਿਚ ਆਉਂਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਦਰਮਿਆਨ ਮੁੜ ਆਇਆ ਅਮਰੀਕਾ ਦਾ ਵੱਡਾ ਬਿਆਨ

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਕਤਲ ਦੀਆਂ ਤਸਵੀਰਾਂ ਗੁਰਦੁਆਰੇ ਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈਆਂ ਸਨ, ਜਿਸ ਦੀ ਵੀਡੀਓ ਜਾਂਚ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ। 90 ਸਕਿੰਟ ਦੀ ਰਿਕਾਰਡਿੰਗ ਵਾਲੀ ਵੀਡੀਓ ਨਿੱਝਰ ਦੇ ਸਲੇਟੀ ਪਿੱਕਅੱਪ ਟਰੱਕ ਦੇ ਇਕ ਪਾਰਕਿੰਗ ਸਥਾਨ ’ਚੋਂ ਬਾਹਰ ਨਿਕਲਣ ਨਾਲ ਸ਼ੁਰੂ ਹੁੰਦੀ ਹੈ। ਪਿੱਕਅੱਪ ਦੀ ਸਾਈਡ ’ਤੇ ਇਕ ਸਿਲਵਰ ਰੰਗ ਦੀ ਟੋਇਟਾ ਕੈਮਰੀ ਕਾਰ ਦਿਖਾਈ ਦਿੰਦੀ ਹੈ। ਵਿਚਕਾਰ ਪੈਦਲ ਚੱਲਣ ਵਾਲੇ ਰਸਤੇ ਦੇ ਨਾਲ ਦੋਵੇਂ ਵਾਹਨ ਵੱਖ-ਵੱਖ ਅਤੇ ਬਰਾਬਰ ਚੱਲਦੇ ਹਨ। ਇਸ ਦੌਰਾਨ ਜਦੋਂ ਪਿੱਕਅੱਪ ਟਰੱਕ ਆਪਣੀ ਸਪੀਡ ਵਧਾਉਂਦਾ ਹੈ ਤਾਂ ਕਾਰ ਵੀ ਆਪਣੀ ਸਪੀਡ ਵਧਾ ਦਿੰਦੀ ਹੈ। ਫਿਰ ਜਿਵੇਂ ਹੀ ਪੈਦਲ ਰਸਤਾ ਖਤਮ ਹੁੰਦਾ ਹੈ, ਪਿੱਕਅੱਪ ਟਰੱਕ ਅਤੇ ਕਾਰ ਨਾਲ-ਨਾਲ ਆ ਜਾਂਦੇ ਹਨ। ਜਿਵੇਂ ਹੀ ਦੋਵੇਂ ਵਾਹਨ ਪਾਰਕਿੰਗ ਦੇ ‘ਐਗਜ਼ਿਟ’ ’ਤੇ ਪਹੁੰਚਦੇ ਹਨ, ਕਾਰ ਪਿੱਕਅੱਪ ਟਰੱਕ ਦੇ ਸਾਹਮਣੇ ਆ ਜਾਂਦੀ ਹੈ ਅਤੇ ਬ੍ਰੇਕ ਲਗਾ ਕੇ ਉਸ ਨੂੰ ਰੋਕ ਦਿੰਦੀ ਹੈ। ਜਿਥੇ ਦੋਵੇਂ ਵਾਹਨ ਰੁਕਦੇ ਹਨ। ਉਥੇ ਨੇੜੇ ਹੀ ਵੇਟਿੰਗ ਸ਼ੈੱਡ ’ਚੋਂ ਹੁੱਡੀ ਵਾਲੀ ਸਵੈਟ-ਸ਼ਰਟ ਪਹਿਨੇ ਦੋ ਵਿਅਕਤੀ ਨਿਕਲਦੇ ਹਨ ਅਤੇ ਪਿਕਅੱਪ ਟਰੱਕ ਦੇ ਕੋਲ ਆਉਂਦੇ ਹਨ। ਉਹ ਡਰਾਈਵਰ ਦੀ ਸੀਟ ਵੱਲ ਬੰਦੂਕਾਂ ਤਾਣ ਕੇ ਗੋਲੀਬਾਰੀ ਕਰਦੇ ਹਨ। ਗੋਲੀਬਾਰੀ ਤੋਂ ਬਾਅਦ ਕਾਰ ਪਾਰਕਿੰਗ ਤੋਂ ਬਾਹਰ ਨਿਕਲ ਜਾਂਦੀ ਹੈ ਅਤੇ ਨਜ਼ਰਾਂ ਤੋਂ ਗਾਇਬ ਹੋ ਜਾਂਦੀ ਹੈ। ਗੋਲੀਆਂ ਚਲਾਉਣ ਵਾਲੇ ਦੋਵੇਂ ਵਿਅਕਤੀ ਵੀ ਉਸ ਪਾਸੇ ਦੌੜਦੇ ਹਨ ਅਤੇ ਉਥੋਂ ਗਾਇਬ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ, ਭਾਰਤ ਦਾ ਵੀਜ਼ਾ ਸੇਵਾਵਾਂ ਬੰਦ ਕਰਨਾ ਸਹੀ ਨਹੀਂ

ਹਮਲਾਵਰਾਂ ਨੇ 50 ਗੋਲੀਆਂ ਚਲਾਈਆਂ ਸਨ, ਨਿੱਝਰ ਨੂੰ 34 ਲੱਗੀਆਂ

ਹਮਲਾਵਰਾਂ ਨੇ 50 ਦੇ ਕਰੀਬ ਗੋਲੀਆਂ ਚਲਾਈਆਂ ਸਨ। ਇਨ੍ਹਾਂ ਵਿਚੋਂ ਨਿੱਝਰ ਨੂੰ 34 ਗੋਲੀਆਂ ਲੱਗੀਆਂ। ਜਦੋਂ ਇਹ ਸਭ ਹੋਇਆ ਤਾਂ ਗੁਰਦੁਆਰੇ ਦਾ ਸੇਵਾਦਾਰ ਭੁਪਿੰਦਰਜੀਤ ਸਿੰਘ 100 ਗਜ਼ ਦੂਰ ਕਬੱਡੀ ਪਾਰਕ ਵਿਚ ਫੁੱਟਬਾਲ ਖੇਡ ਰਿਹਾ ਸੀ। ਉਸ ਨੇ ਕੁਝ ਆਵਾਜ਼ਾਂ ਸੁਣੀਆਂ। ਪਹਿਲਾਂ ਤਾਂ ਉਸ ਨੂੰ ਲੱਗਾ ਕਿ ਇਹ ਪਟਾਕਿਆਂ ਦੀ ਆਵਾਜ਼ ਹੈ ਪਰ ਜਦੋਂ ਕਾਫੀ ਦੇਰ ਤੱਕ ਆਵਾਜ਼ਾਂ ਆਉਂਦੀਆਂ ਰਹੀਆਂ ਤਾਂ ਉਸ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਉਹ ਦੌੜਦਾ ਹੋਇਆ ਮੌਕੇ ’ਤੇ ਪਹੁੰਚ ਗਿਆ। ਉੱਥੇ ਜਿਵੇਂ ਹੀ ਉਸ ਨੇ ਪਿੱਕਅੱਪ ਟਰੱਕ ਦੇ ਡਰਾਈਵਰ ਸਾਈਡ ਦਾ ਦਰਵਾਜ਼ਾ ਖੋਲ੍ਹਿਆ ਤਾਂ ਨਿੱਝਰ ਨੂੰ ਅੰਦਰ ਖੂਨ ਨਾਲ ਲੱਥਪੱਥ ਦੇਖਿਆ। ਉਦੋਂ ਤੱਕ ਉਸ ਦਾ ਸਾਹ ਰੁਕ ਗਿਆ ਸੀ। ਟਰੱਕ ਦੇ ਅੰਦਰ ਅਤੇ ਆਲੇ-ਦੁਆਲੇ ਸਿਰਫ ਖੂਨ ਅਤੇ ਕੱਚ ਦੇ ਟੁਕੜੇ ਸਨ।

ਇਹ ਵੀ ਪੜ੍ਹੋ: ਵੈਨਕੂਵਰ 'ਚ ਭਾਰਤੀ ਕੌਂਸਲੇਟ ਦੇ ਬਾਹਰ ਖਾਲਿਸਤਾਨ ਸਮਰਥਕਾਂ ਨੇ ਕੀਤਾ ਪ੍ਰਦਰਸ਼ਨ, ਦੂਤਘਰ ਦੀ ਵਧਾਈ ਗਈ ਸੁਰੱਖਿਆ

ਭੱਜਦੇ ਦਿਸੇ ਸਨ ਹੁੱਡੀ ਪਹਿਨੇ ਸਰਦਾਰ

ਘਟਨਾ ਦੇ ਇਕ ਹੋਰ ਚਸ਼ਮਦੀਦ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਉਸ ਨੇ ਕਾਲੀ ਹੁੱਡੀ ਪਹਿਨੇ ਲੋਕਾਂ ਨੂੰ ਕਾਗਰ ਕਰੀਕ ਪਾਰਕ ਵੱਲ ਭੱਜਦੇ ਦੇਖਿਆ। ਉਸ ਨੇ ਪਾਰਕ ਵਿਚ ਉਨ੍ਹਾਂ ਦਾ ਪਿੱਛਾ ਕੀਤਾ। ਗੋਲੀ ਚਲਾਉਣ ਵਾਲੇ ਦੋਵੇਂ ਮੁਲਜ਼ਮਾਂ ਨੇ ‘ਪੱਗ’ ਨਾਂ ਦੀ ਛੋਟੀ ਪੱਗ ਬੰਨ੍ਹੀ ਹੋਈ ਸੀ। ਉਸ ਨੂੰ ਹੁੱਡੀ ਨਾਲ ਢੱਕਿਆ ਹੋਇਆ ਸੀ। ਕਾਤਲਾਂ ਨੇ ਮੂੰਹ ’ਤੇ ਕਾਲਾ ਮਾਸਕ ਵੀ ਪਾਇਆ ਹੋਇਆ ਸੀ। ਮਲਕੀਤ ਨੇ ਦੱਸਿਆ ਕਿ ਦੋ ਕਾਤਲਾਂ ਵਿਚੋਂ ਇਕ ਕਰੀਬ 5 ਫੁੱਟ ਲੰਬਾ ਅਤੇ ਮੋਟਾ ਸੀ। ਉਸ ਨੂੰ ਭੱਜਣ ਵਿਚ ਮੁਸ਼ਕਲ ਹੋ ਰਹੀ ਸੀ, ਜਦ ਕਿ ਦੂਜਾ ਮੁਲਜ਼ਮ ਉਸ ਤੋਂ 4 ਇੰਚ ਲੰਬਾ ਅਤੇ ਪਤਲਾ ਸੀ। ਦੋਵੇਂ ਪਾਰਕ ਦੇ ਬਾਹਰ ਇਕ ਪੁਲੀ ਵੱਲ ਭੱਜੇ ਅਤੇ ਉਥੇ ਮੌਜੂਦ ਸਿਲਵਰ ਕਾਰ ਵਿਚ ਫਰਾਰ ਹੋ ਗਏ। ਉਸ ਕਾਰ ਵਿਚ ਪਹਿਲਾਂ ਹੀ 3-4 ਲੋਕ ਮੌਜੂਦ ਸਨ।

ਇਹ ਵੀ ਪੜ੍ਹੋ: ਮੋਟਰਸਾਈਕਲ 'ਤੇ ਜਾ ਰਹੇ ਪਿਓ-ਧੀ ਦੀ ਗੋਲੀਬਾਰੀ 'ਚ ਮੌਤ, ਘਟਨਾ ਸਥਾਨ ਤੋਂ ਮਿਲੇ 30 ਤੋਂ ਵੱਧ ਗੋਲੀਆਂ ਦੇ ਖੋਲ

ਪਿਕਅੱਪ ਟਰੱਕ ’ਚ ਲਗਾਇਆ ਸੀ ‘ਟ੍ਰੈਕਰ’

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਦੇ ਬੁਲਾਰੇ ਮੋਨਿੰਦਰ ਸਿੰਘ ਨੇ ਦੱਸਿਆ ਕਿ ਨਿੱਝਰ ਦੇ ਮਕੈਨਿਕ ਨੂੰ ਹਾਲ ਹੀ ਵਿਚ ਉਸ ਦੇ ਪਿੱਕਅੱਪ ਟਰੱਕ ਦੇ ‘ਵ੍ਹੀਲ ਵੈੱਲ’ ਵਿਚ ਇਕ ਟ੍ਰੈਕਰ ਮਿਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News