ਉੱਤਰ-ਪੱਛਮੀ ਪਾਕਿਸਤਾਨ ’ਚ TTP ਦੇ 2 ਅੱਤਵਾਦੀ ਮਾਰੇ ਗਏ
Sunday, Oct 19, 2025 - 01:53 AM (IST)

ਪਿਸ਼ਾਵਰ–ਪਾਕਿਸਤਾਨੀ ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਨੂੰ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ’ਚ ਖੁਫੀਆ ਜਾਣਕਾਰੀ ’ਤੇ ਆਧਾਰਤ ਮੁਹਿੰਮ ਵਿਚ ਪਾਬੰਦੀਸ਼ੁਦਾ ਟੀ. ਟੀ. ਪੀ. ਅੱਤਵਾਦੀ ਸੰਗਠਨ ਦੇ 2 ਅੱਤਵਾਦੀਆਂ ਨੂੰ ਮਾਰ ਮੁਕਾਇਆ। ਸੁਰੱਖਿਆ ਫੋਰਸਾਂ ਅਨੁਸਾਰ ਇਹ ਮੁਹਿੰਮ ਬੰਨੂ ਜ਼ਿਲੇ ਦੇ ਮੁਗਲ ਕੋਟ ਸੈਕਟਰ ’ਚ ਚਲਾਈ ਗਈ। ਇਸ ਮੁਹਿੰਮ ਵਿਚ ਖਾਸ ਤੌਰ ’ਤੇ ‘ਫਿਤਨਾ ਅਲ-ਖਵਾਰਿਜ’ ਦੇ ਤਾਰਿਕ ਕੱਛੀ ਸਮੂਹ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨ ਦੀ ਸਰਕਾਰ ਨੇ ਪਿਛਲੇ ਸਾਲ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੂੰ ‘ਫਿਤਨਾ ਅਲ-ਖਵਾਰਿਜ’ ਦੇ ਰੂਪ ’ਚ ਨੋਟੀਫਾਈ ਕੀਤਾ ਸੀ, ਜੋ ਕਿ ਇਸਲਾਮੀ ਇਤਿਹਾਸ ਦੇ ਇਕ ਅਜਿਹੇ ਸਮੂਹ ਦਾ ਸੰਦਰਭ ਹੈ ਜੋ ਹਿੰਸਾ ਵਿਚ ਸ਼ਾਮਲ ਸੀ।
ਸੁਰੱਖਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਗਏ ਅੱਤਵਾਦੀਆਂ ਪਾਸੋਂ ਭਾਰੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਤਾਰਿਕ ਕੱਛੀ ਸਮੂਹ 2 ਸਾਲਾਂ ਤੋਂ ਅੱਤਵਾਦੀ ਸਰਗਰਮੀਆਂ ਵਿਚ ਸਰਗਰਮ ਤੌਰ ’ਤੇ ਸ਼ਾਮਲ ਰਿਹਾ ਹੈ ਅਤੇ ਜਬਰੀ ਵਸੂਲੀ ਵੀ ਕਰਦਾ ਰਿਹਾ ਹੈ। ਇਹ ਸਮੂਹ ਅਫਗਾਨਿਸਤਾਨ ਤੋਂ ਪਾਕਿਸਤਾਨ ਵਿਚ ਅੱਤਵਾਦੀਆਂ ਦੀ ਸਰਹੱਦ ਪਾਰ ਘੁਸਪੈਠ ਵਿਚ ਮਦਦ ਕਰਦਾ ਸੀ।