2024 ''ਚ ਇਟਲੀ ਦੀ ਰਾਜਧਾਨੀ ‘ਚ ਚੱਲੇਗੀ 2 ਸੀਟਾਂ ਵਾਲੀ ''ਡ੍ਰੋਨ ਏਅਰਟੈਕਸੀ'' (ਤਸਵੀਰਾਂ)
Friday, Oct 29, 2021 - 10:35 AM (IST)
ਰੋਮ/ਇਟਲੀ (ਦਲਵੀਰ ਕੈਂਥ): ਸਾਰੀ ਦੁਨੀਆ ਵਿੱਚ ਪੈਟਰੋਲ ਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਲੋਕ ਹੌਲੀ ਹੌਲੀ ਇਲੈਕਟ੍ਰਾਨਿਕ ਗੱਡੀਆਂ ਵੱਲ ਝੁਕਾਅ ਬਣਾ ਰਹੇ ਹਨ।ਬਹੁਤੇ ਵਿਕਾਸਸ਼ੀਲ ਦੇਸ਼ ਤਾਂ ਅਜਿਹੇ ਵਾਹਣ ਦੀ ਖੋਜ ਕਰਨ ਲਈ ਦਿਨ-ਰਾਤ ਇੱਕ ਰਹੇ ਹਨ ਜਿਹੜੇ ਕਿ ਵਾਤਾਵਰਣ ਲਈ ਘੱਟ ਘਾਤਕ ਹੁੰਦੇ ਹੋਏ ਕੁਦਰਤੀ ਸੋਮਿਆਂ ਨਾਲ ਚੱਲਣ। ਇਸ ਦੇ ਨਾਲ ਹੀ ਉਮੀਦ ਪ੍ਰਗਟਾਈ ਜਾ ਰਹੀ ਹੈ ਅਜਿਹਾ ਯੁੱਗ ਜਲਦ ਹੀ ਆ ਰਿਹਾ ਹੈ।
ਇਸ ਲੜੀ ਵਿੱਚ ਹੀ ਇਟਲੀ ਦੇਸ਼ ਵਲੋਂ ਪਹਿਲ ਕਦਮੀ ਕਰਦਿਆਂ ਭਵਿੱਖ ਵਿੱਚ ਸਾਲ 2024 ਵਿੱਚ ਟਰੈਫਿਕ ਤੇ ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਹਵਾਈ ਅੱਡਾ ਫੀਊਮੀਚੀਨੋ ਰੋਮ ਲਈ ਯਾਤਰੀਆਂ ਲਈ ਡ੍ਰੋਨ ਏਅਰਟੈਕਸੀ ਪ੍ਰਦਾਨ ਕਰਨ ਜਾ ਰਿਹਾ ਹੈ।ਜਿਸ ਦਾ ਸੰਬੰਧਿਤ ਵਿਭਾਗ ਵਲੋਂ ਸਫ਼ਲ ਪ੍ਰੀਖਣ ਕੀਤਾ ਗਿਆ ਹੈ।ਵਿਭਾਗ ਵਲੋਂ ਦੱਸਿਆ ਕਿ ਲਗਭਗ 10 ਤੋਂ 15 ਮਿੰਟ ਦੇ ਸਫ਼ਰ ਨਾਲ ਯਾਤਰੀਆਂ ਨੂੰ ਹਵਾਈ ਅੱਡੇ ਤੇ ਪਹੁੰਚਾਇਆ ਜਾਇਆ ਕਰੇਗਾ।ਜਿਸ ਵਿੱਚ ਤਕਨੀਕੀ ਸ਼ਹਿਰੀ ਟਰਾਂਸਪੋਰਟ ਸੇਵਾ ਵਲੋਂ ਵੋਲੋਕਾਪਰ ਨੂੰ ਹਵਾਈ ਅੱਡੇ 'ਤੇ ਪੇਸ਼ ਕੀਤਾ ਗਿਆ।
ਨਿਵੇਸ਼ ਰੱਖਣ ਵਾਲੀ ਕੰਪਨੀ ਅਟਲਾਂਟੀਆ ਅਤੇ ਏਅਰਪੋਰਟ ਦੀ ਰੋਮਾ ਇਟਲੀ ਦੇ ਸਭ ਤੋਂ ਵੱਡੇ ਹਵਾਈ ਵਾਹਣ ਦੇ ਆਪਰੇਟਰ ਹਨ।ਇਸ ਸੰਬੰਧੀ ਇਸ ਵਿਸ਼ੇਸ਼ ਕਾਨਫਰੰਸ ਫੀਊਮੀਚੀਨੋ ਹਵਾਈ ਅੱਡੇ ਤੇ ਕੀਤੀ ਗਈ।ਇਸ ਵਿੱਚ ਰੋਮ ਸ਼ਹਿਰ ਵਿੱਚ ਇਲੈਕਟ੍ਰਿਕ ਏਅਰ ਟੈਕਸੀਆਂ ਲਿਆਉਣ ਲਈ ਈਐਨਏਸੀ ਅਤੇ ਈਐਨਏਬੀ ਨਾਲ ਮਿਲਕੇ ਅਧਿਕਾਰਤ ਤੌਰ 'ਤੇ ਆਪਣੀ ਭਾਈਵਾਲੀ ਦਾ ਐਲਾਨ ਕੀਤਾ ਗਿਆ।ਰੋਮ ਹਵਾਈ ਅੱਡੇ ਦੇ ਪ੍ਰਧਾਨ ਕਲਾਉਡੀਉ ਡੀ ਵਿਨਸੈਂਟੀ,ਕਾਰਲੋ ਬੇਰਤਾਸੋ ਚੈਅਰਮੈਨ ਅਟਲਾਟੀਂਆ, ਅਲੇਸੀਓ ਕੁਆਰਟਾਨਾ,ਰੋਮ ਹਵਾਈ ਅੱਡੇ ਦੇ ਚੇਅਰਮੈਨ ਮਾਰਕੋ ਟ੍ਰੋਨਕੋਨ ,ਅਲੇਸੈਂਡਰਾ ਟੋਡੇ ਆਰਥਿਕ ਵਿ ਕਾਸ ਦੇ ਉਪ ਮੰਤਰੀ,ਪੇਰਲੂਈਜੀ ਦੀ ਪਾਲਮਾ ਪ੍ਰਧਾਨ ਈਐਨਏਸੀ ਅਤੇ ਟਰੇਸਾ ਬੈਲਾਨੋਵਾ ਉਪ ਮੰਤਰੀ ਬੁਨਿਆਦੀ ਢਾਂਚਾ, ਖ਼ੇਤਰੀ ਕੌਂਸਲਰ ਪਾਓਲੋ ਓਰਨੇਲੀ ਮੌਜੂਦ ਸਨ। ਇਸ ਮੌਕੇ ਏਰੋਪੋਰਟੀ ਡੀ ਰੋਮਾ ਅਤੇ ਵੋਲੋਕਾਪਟਰ ਲੋਕਾਂ ਅਤੇ ਯਾਤਰੀਆਂ ਦੀ ਰਾਏ ਦੇ ਮਗਰੋਂ ਅਗਲੇ 2,3 ਸਾਲਾਂ ਦੇ ਅੰਦਰ ਇਸ ਨੂੰ ਰੋਮ ਵਿੱਚ ਲਿਆਉਣ ਲਈ ਰਾਹ ਪੱਧਰਾ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਗੂਗਲ ਦੀ ਵੱਡੀ ਕਾਰਵਾਈ, ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਐਪ 'ਪਲੇ ਸਟੋਰ' ਹਟਾਇਆ
ਇਲੈਕਟ੍ਰਿਕ ਫਲਾਇੰਗ ਟੈਕਸੀ 'ਵਰਟੀਕਲ ਏਅਰਪੋਰਟਸ ' ਰਾਹੀਂ ਫੀਊਮੀਚੀਨੋ ਹਵਾਈ ਅੱਡੇ ਨੂੰ ਰਾਜਧਾਨੀ ਰੋਮ ਦੇ ਵੱਖ-ਵੱਖ ਖੇਤਰਾਂ ਨਾਲ ਜੋੜਿਆ ਜਾਵੇਗਾ।ਉਨ੍ਹਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਰੋਮ ਰੋਮ ਸ਼ਹਿਰ ਚ ਟ੍ਰੈਫਿਕ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਯਾਤਰੀਆਂ ਨੂੰ ਗੁਣਵੱਤਾ ਦੀ ਯਾਤਰਾ ਕਰਨ ਦੀ ਇਜਾਜ਼ਤ ਦੇਵੇਗਾ। ਦੱਸਣਯੋਗ ਹੈ ਕਿ 30 ਅਕਤੂਬਰ ਤੱਕ ਇਸ ਡ੍ਰੋਨ ਏਅਰਟੈਕਸੀ' ਦੀ ਪ੍ਰਦਰਸ਼ਨੀ ਰੋਮ ਫੀਊਮੀਚੀਨੋ ਹਵਾਈ ਅੱਡੇ ਦੇ ਟਰਮੀਨਲ 3 ਵਿਖੇ ਲੱਗੀ ਰਹੇਗੀ ਅਤੇ 2 ਨਵੰਬਰ ਤੋਂ 4 ਨਵੰਬਰ ਤੱਕ ਰੋਮ ਸ਼ਹਿਰ ਦੇ ਪਿਆਸਾ ਸੰਨ ਸਿਲਵੈਸਤਰੋ ਵਿਖੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ।ਦੂਜੇ ਪਾਸੇ ਆਮ ਲੋਕਾਂ ਵਿੱਚ ਇਸ ਡ੍ਰੋਨ ਏਅਰਟੈਕਸੀ'ਦੀ ਆਮਦ ਲਈ ਅਤੇ ਇਸਦੀ ਬਣਾਵਟ ਨੂੰ ਦੇਖਣ ਲਈ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਅਜਿਹੇ ਵਾਹਣਾ ਦੇ ਆਉਣ ਨਾਲ ਵਾਤਾਵਰਣ ਵੀ ਘੱਟ ਪ੍ਰਭਾਵਿਤ ਹੁੰਦਾ ਹੈ।