ਫਿਨਲੈਂਡ ਦੀ ਕੌਮੀ ਹਾਕੀ ਟੀਮ ''ਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ

07/11/2019 9:23:42 AM

ਲੰਡਨ, (ਮਨਦੀਪ ਖੁਰਮੀ)— ਕਹਿੰਦੇ ਹਨ ਕਿ ਸੱਚੇ ਦਿਲੋਂ ਕੀਤੀ ਮਿਹਨਤ ਬੇਕਾਰ ਨਹੀਂ ਜਾਂਦੀ। ਫਿਨਲੈਂਡ ਵੱਸਦੇ ਬਿਕਰਮਜੀਤ ਸਿੰਘ ਵਿੱਕੀ ਮੋਗਾ ਨੇ ਪੰਜ ਸਾਲ ਪਹਿਲਾਂ 'ਵਾਰੀਅਰਜ਼ ਹਾਕੀ ਕਲੱਬ' ਦੀ ਸਥਾਪਨਾ ਕੀਤੀ ਸੀ, ਜਿਸ 'ਚ ਹਾਕੀ ਖੇਡ ਰਹੇ ਦੋ ਪੰਜਾਬੀ ਬੱਚਿਆਂ ਨੂੰ ਫਿਨਲੈਂਡ ਦੀ ਕੌਮੀ ਟੀਮ ਨਾਲ ਖੇਡਣ ਦਾ ਮੌਕਾ ਮਿਲਿਆ ਹੈ। ਹਾਲ ਦੀ ਘੜੀ ਫਿਨਲੈਂਡ 'ਚ 'ਵਾਰੀਅਰਜ਼ ਹਾਕੀ ਕਲੱਬ' ਹੀ ਇੱਕਲੌਤਾ ਕਲੱਬ ਹੈ, ਜਿਸ 'ਚ ਸਿਰਫ਼ ਪੰਜਾਬੀ ਹੀ ਨਹੀਂ ਬਲਕਿ 20 ਤੋਂ ਵੱਧ ਦੇਸ਼ਾਂ ਦੇ ਨਾਗਰਿਕ ਜੂਨੀਅਰ ਅਤੇ ਸੀਨੀਅਰ ਪੱਧਰ 'ਤੇ ਹਾਕੀ ਖੇਡਦੇ ਹਨ। 

ਪੰਜ ਸਾਲ ਦੇ ਸਫ਼ਰ ਨੇ ਵਿੱਕੀ ਮੋਗਾ ਦੇ ਸੁਪਨੇ ਨੂੰ ਬੂਰ ਲਾਇਆ। ਉਨ੍ਹਾਂ ਕਿਹਾ ਕਿ ਹੇਲਸਿੰਕੀ ਦੇ ਦੋ ਪੰਜਾਬੀ ਮੁੰਡੇ ਪਰਮਪ੍ਰੀਤ ਸਿੰਘ ਗਿੱਲ ਅਤੇ ਜੋਬਨਵੀਰ ਸਿੰਘ ਖਹਿਰਾ (ਗੋਲਕੀਪਰ) ਫਿਨਲੈਂਡ ਦੀ 16 ਸਾਲਾਂ ਦੇ ਵਰਗ ਦੀ ਕੌਮੀ ਹਾਕੀ ਟੀਮ 'ਚ ਚੁਣੇ ਗਏ ਹਨ, ਜੋ ਬਹੁਤ ਮਾਣ ਵਾਲੀ ਗੱਲ ਹੈ। ਇਸ ਟੀਮ ਨੇ 4 ਤੋਂ 6 ਜੁਲਾਈ ਬੁਲਗਾਰੀਆ ਦੇ ਸ਼ਹਿਰ ਅਲਬੇਨਾ 'ਚ ਹੋਣ ਵਾਲੇ ਯੂਰੋਪੀਅਨ ਹਾਕੀ 5 ਟੂਰਨਾਮੈਂਟ 'ਚ ਹਿੱਸਾ ਲਿਆ ਹੈ। 

ਟੀਮ ਦੇ ਮੁੱਖ ਕੋਚ ਐਂਡ੍ਰਿਊ ਸਕੌਲਫੀਲਡ ਅਤੇ ਸਹਾਇਕ ਕੋਚ ਮਾਰਕੂ ਹੇਇਨੋ ਹਨ। ਪਰਮਪ੍ਰੀਤ ਸਿੰਘ ਗਿੱਲ ਪਹਿਲਾਂ ਵੀ ਫਿਨਲੈਂਡ ਦੀ ਕੌਮੀ ਟੀਮ ਵਲੋਂ ਰੂਸ 'ਚ ਦੋਸਤਾਨਾ ਮੈਚਾਂ ਦੀ ਲੜੀ ਖੇਡ ਚੁੱਕਾ ਹੈ। ਜਿਸ ਮੈਦਾਨ 'ਚ ਭਾਰਤੀ ਹਾਕੀ ਦੇ ਸਤੰਭ ਬਲਬੀਰ ਸਿੰਘ ਸੀਨੀਅਰ ਨੇ 1952 'ਚ ਓਲਿੰਪਿਕ ਖੇਡਾਂ ਦੇ ਹਾਕੀ ਫ਼ਾਈਨਲ 'ਚ ਪੰਜ ਗੋਲ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ, ਉਸੇ ਮੈਦਾਨ 'ਚ ਵਾਰੀਅਰਜ਼ ਹਾਕੀ ਕਲੱਬ ਦੇ ਖਿਡਾਰੀ ਅਭਿਆਸ ਕਰਦੇ ਹਨ, ਜੋ ਮਾਣ ਵਾਲੀ ਗੱਲ ਹੈ। ਇੱਥੇ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਪਰਮਪ੍ਰੀਤ ਅਤੇ ਜੋਬਨਵੀਰ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਅਤੇ ਹਰਵਿੰਦਰ ਸਿੰਘ ਖਹਿਰਾ ਦੇ ਨਾਲ-ਨਾਲ ਕੋਚ ਵਿੱਕੀ ਮੋਗਾ ਨੂੰ ਵਧਾਈਆਂ ਦਿੱਤੀਆਂ।


Related News