ਪਾਕਿ: ਵੀਡੀਓ ਵਾਇਰਲ ਹੋਣ ''ਤੇ ''ਝੂਠੀ ਸ਼ਾਨ'' ਖਾਤਰ ਦੋ ਲੜਕੀਆਂ ਦਾ ਕਤਲ

05/17/2020 4:48:11 PM

ਇਸਲਾਮਾਬਾਦ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਦੱਖਣ-ਉੱਤਰੀ ਵਜ਼ੀਰਿਸਤਾਨ ਵਿਚ ਇਕ ਨੌਜਵਾਨ ਦੇ ਨਾਲ ਦੋ ਲੜਕੀਆਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਹੁਣ ਇਸ ਦੇ ਵਾਇਰਲ ਹੋਣ ਤੋਂ ਇਕ ਸਾਲ ਬਾਅਦ ਪਰਿਵਾਰ ਦੇ ਲੋਕਾਂ ਨੇ ਇਸ ਵਿਚ ਸ਼ਾਮਲ ਦੋ ਲੜਕੀਆਂ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਹੈ। 'ਡਾਨ' ਦੀ ਖਬਰ ਮੁਤਾਬਕ ਇਹਨਾਂ ਲੜਕੀਆਂ ਦੀ ਉਮਰ 16 ਤੇ 18 ਸਾਲ ਦੱਸੀ ਗਈ ਹੈ।

ਆਨਰ ਕਿਲਿੰਗ ਦਾ ਕਾਰਣ ਇਸੇ ਵਾਇਰਲ ਵੀਡੀਓ ਨੂੰ ਮੰਨਿਆ ਜਾ ਰਿਹਾ ਹੈ, ਜਿਸ ਵਿਚ ਇਕ ਨੌਜਵਾਨ ਸੁੰਨਸਾਨ ਇਲਾਕੇ ਵਿਚ ਤਿੰਨ ਲੜਕੀਆਂ ਦੇ ਨਾਲ ਖੁਦ ਦਾ ਵੀਡੀਓ ਬਣਾਉਂਦੇ ਦੇਖਿਆ ਗਿਆ ਹੈ। ਵਜ਼ੀਰਿਸਤਾਨ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ 52 ਸਕਿੰਟ ਦੇ ਮੋਬਾਇਲ ਵੀਡੀਓ ਕਲਿਪ ਵਿਚ ਦੇਖੀਆਂ ਗਈਆਂ ਤਿੰਨ ਲੜਕੀਆਂ ਵਿਚੋਂ ਦੋ ਨੂੰ ਮਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਸ ਵੀਡੀਓ ਵਿਚ ਦਿਖ ਰਹੇ ਨੌਜਵਾਨ ਤੋਂ ਇਲਾਵਾ ਤੀਜੀ ਲੜਕੀ ਦੇ ਬਾਰੇ ਵਿਚ ਜਾਣਕਾਰੀ ਇਕੱਠੀ ਕਰ ਰਹੀ ਹੈ।

ਇਕ ਸਾਲ ਪਹਿਲਾਂ ਬਣਿਆ ਸੀ ਵੀਡੀਓ
ਪੁਲਸ ਅਧਿਕਾਰੀ ਮੁਤਾਬਕ ਵੀਡੀਓ ਤਕਰੀਬਨ ਇਕ ਸਾਲ ਪਹਿਲਾਂ ਬਣਾਈ ਗਈ ਸੀ ਤੇ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਉਹਨਾਂ ਨੇ ਤਹਿਸੀਲਦਾਰ ਦੀ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਤੀਜੀ ਲੜਕੀ ਤੇ ਲੜਕਾ ਜ਼ਿੰਦਾ ਹਨ। ਪੁਲਸ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਘਟਨਾ ਤੋਂ ਬਾਅਦ ਲਾਸ਼ਾਂ ਦਫਨਾਉਣ ਦੇ ਲਈ ਦੱਖਣੀ ਵਜ਼ੀਰਿਸਤਾਨ ਦੇ ਸ਼ਕੁਤਈ ਵਿਚ ਦੋ ਪਰਿਵਾਰਾਂ ਦੇ ਜਾਣ ਦੀ ਖਬਰ ਸੀ। ਉਹਨਾਂ ਕਿਹਾ ਕਿ ਇਹ ਘਟਨਾ ਸੁਦੂਰ ਵਿਚ ਹੋਈ, ਜਿਸ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਖਤਰਨਾਕ ਇਲਾਕਾ ਮੰਨਿਆ ਜਾਂਦਾ ਹੈ। ਇਸ ਮਾਮਲੇ ਦੀ ਜਾਂਚ ਦੇ ਲਈ ਪੁਲਸ ਦਲ ਨੂੰ ਭੇਜਿਆ ਗਿਆ ਹੈ। ਪੁਲਸ ਅਧਿਕਾਰੀ ਮੁਤਾਬਕ ਦੋਵੇਂ ਲੜਕੀਆਂ ਦੇ ਨਾਂ ਅਜੇ ਪਤਾ ਨਹੀਂ ਲੱਗੇ ਹਨ। ਤਹਿਸੀਲਦਾਰ ਦੇ ਨਾਲ ਪੁਲਸ ਟੀਮ ਨੂੰ ਖੇਤਰ ਦਾ ਦੌਰਾਨ ਕਰਨ ਤੇ ਆਖਰੀ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਇਸ ਦੌਰਾਨ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਡੀ ਤਰਜੀਹ ਤੀਜੀ ਲੜਕੀ ਤੇ ਲੜਕੇ ਦੀ ਜਾਨ ਬਚਾਉਣਾ ਹੈ। ਜਾਂਚ ਕਰਨ ਵਾਲੇ ਪੁਲਸ ਅਧਿਕਾਰੀ ਨੇ ਕਿਹਾ ਕਿ ਦੱਖਣ ਤੇ ਉੱਤਰੀ ਵਜ਼ੀਰਿਸਤਾਨ ਦੇ ਸ਼ਕੁਤਈ ਤੇ ਬਾਰਗ੍ਰਾਮ ਦੋਵਾਂ ਖੇਤਰਾਂ ਵਿਚ ਕੋਈ ਮੋਬਾਇਲ ਕਵਰੇਜ ਨਹੀਂ ਸੀ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਪੁਲਸ ਲਈ ਇਕ ਚੁਣੌਤੀ ਹੈ ਕਿਉਂਕਿ ਵੀਡੀਓ ਸਮੱਗਰੀ ਪੂਰੀ ਤਰ੍ਹਾਂ ਨਾਲ ਆਦੀਵਾਸੀ ਸਮਾਜ ਦੇ ਮੁੱਲਾਂ ਦੇ ਖਿਲਾਫ ਹੈ। ਇਹ ਘਟਨਾ ਕੋਹਿਸਤਾਨ ਵੀਡੀਓ ਕਾਂਡ ਤੋਂ 8 ਸਾਲ ਬਾਅਦ ਘਟੀ ਹੈ, ਜਿਸ ਇਕ ਨਾਚ ਦੌਰਾਨ ਤਿੰਨ ਮਹਿਲਾਵਾਂ ਦੀ ਤਾੜੀਆਂ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ।


Baljit Singh

Content Editor

Related News