2 ਹੋਰ ਸੰਸਦ ਮੈਂਬਰਾਂ ਨੇ ਛੱਡਿਆ ਇਮਰਾਨ ਦਾ ਸਾਥ, ਸਰਕਾਰ ਦਾ ਡਿੱਗਣਾ ਤੈਅ
Wednesday, Mar 30, 2022 - 09:16 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਨੇ ਮੰਗਲਵਾਰ ਉਨ੍ਹਾਂ ਦਾ ਸਾਥ ਛੱਡ ਦਿੱਤਾ। ਅਜਿਹੀ ਹਾਲਤ ’ਚ ਸਰਕਾਰ ਦਾ ਡਿੱਗਣਾ ਤੈਅ ਹੈ। ਆਜ਼ਾਦ ਸੰਸਦ ਮੈਂਬਰ ਮੁਹੰਮਦ ਅਸਲਮ ਭੂਟਾਨੀ ਅਤੇ ਫੈਡਰਲ ਆਵਾਸ ਮੰਤਰੀ ਤਾਰਿਕ ਬਸ਼ੀਰ ਚੀਮਾ ਨੇ ਇਮਰਾਨ ਸਰਕਾਰ ਨੂੰ ਦਿੱਤੀ ਆਪਣੀ ਹਮਾਇਤ ਵਾਪਸ ਲੈ ਲਈ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ। ਉਨ੍ਹਾਂ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਸਿਫ ਅਲੀ ਜ਼ਰਦਾਰੀ ਨਾਲ ਮੁਲਾਕਾਤ ਪਿਛੋਂ ਉਕਤ ਫੈਸਲਾ ਕੀਤਾ। ਉਹ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦੇ ਹੱਕ ’ਚ ਵੋਟ ਪਾਉਣਗੇ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ 31 ਮਾਰਚ ਨੂੰ ਸਰਕਾਰ ਵਿਰੁੱਧ ਬੇਭਰੋਸਗੀ ਮਤੇ ’ਤੇ ਬਹਿਸ ਹੋਵੇਗੀ। ਉਸ ਪਿਛੋਂ 3 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਸ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਤੂ ਰਹਿਣਗੇ। ਸਭ ਸਹਿਯੋਗੀ ਇਮਰਾਨ ਦੀ ਅਗਵਾਈ ਵਾਲੀ ਸਰਕਾਰ ਦੀ ਹਮਾਇਤ ਕਰਨ ਲਈ ਵਾਪਸ ਆਉਣਗੇ ਜਿਵੇਂ ਕਿ ਪਾਕਿਸਤਾਨ ਮੁਸਲਿਮ ਲੀਗ-ਕਾਇਦ ਵਲੋਂ ਪਹਿਲਾਂ ਹੀ ਕੀਤਾ ਜਾ ਚੁਕਾ ਹੈ।
ਇਹ ਵੀ ਪੜ੍ਹੋ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਦੀ ਭਾਰਤ ਫੇਰੀ ਮੁਲਤਵੀ, ਕੋਰੋਨਾ ਤੋਂ ਹਨ ਪੀੜਤ
ਇਸ ਦੌਰਾਨ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਪਾਕਿਸਤਾਨ ਮੁਸਲਿਮ ਲੀਗ (ਕਾਇਦ) ਨੂੰ ਬੰਦਰਗਾਹਾ ਅਤੇ ਸਿੱਖਿਆ ਬਾਰੇ ਮੰਤਰਾਲਾ ਦੇਣ ਦਾ ਫੈਸਲਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਪਾਰਟੀ ਲੰਬੇ ਸਮੇਂ ਤੋਂ ਉਕਤ ਮੰਤਰਾਲਾ ਮੰਗ ਰਹੀ ਹੈ। ਰਿਪੋਰਟਾਂ ਮੁਤਾਬਕ ਸਰਕਾਰ ਦਾ ਇਕ ਵਫਦ ਇਸ ਸਬੰਧੀ ਉਕਤ ਪਾਰਟੀ ਦੇ ਆਗੂਆਂ ਨਾਲ ਮੁਲਾਕਾਤ ਕਰੇਗਾ। ਕੌਮੀ ਅਸੈਂਬਲੀ ’ਚ ਪਾਕਿਸਤਾਨ ਮੁਸਲਿਮ ਲੀਗ ਕੋਲ 7 ਵੋਟਾਂ ਹਨ। ਇਸ ਕਾਰਨ ਇਮਰਾਨ ਸਰਕਾਰ ਲਈ ਇਸ ਪਾਰਟੀ ਦੇ ਮੈਂਬਰਾਂ ਦੀ ਹਮਾਇਤ ਬਹੁਤ ਅਹਿਮੀਅਤ ਰਖਦੀ ਹੈ।
ਇਹ ਵੀ ਪੜ੍ਹੋ: ਮੈਕਸੀਕੋ 'ਚ ਕੁੱਕੜਾਂ ਦੀ ਲੜਾਈ ਪ੍ਰੋਗਰਾਮ ਦੌਰਾਨ ਹੋਈ ਗੋਲੀਬਾਰੀ 'ਚ 20 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।