ਤੁਰਕੀ ਦੀ ਪਟਾਕਾ ਫੈਕਟਰੀ ''ਚ ਧਮਾਕਾ, 2 ਹਲਾਕ ਤੇ 73 ਜ਼ਖਮੀ

07/03/2020 6:55:01 PM

ਅੰਕਾਰਾ: ਉੱਤਰ-ਪੱਛਮੀ ਤੁਰਕੀ ਵਿਚ ਪਟਾਕੇ ਬਣਾਉਣ ਵਾਲੇ ਇਕ ਕਾਰਖਾਨੇ ਵਿਚ ਧਮਾਕਾ ਹੋਣ ਕਾਰਣ ਸ਼ੁੱਕਰਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ ਤੇ ਘੱਟ ਤੋਂ ਘੱਟ 73 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਗਵਰਨਰ ਕੇਟਿਨ ਓਕਟਾਏ ਕਾਲਡੀਰਿਮ ਨੇ ਸਰਕਾਰੀ ਅਨਾਦੋਲੂ ਏਜੰਸੀ ਨੂੰ ਦੱਸਿਆ ਕਿ ਸਕਾਰਿਆ ਸੂਬੇ ਦੇ ਹੇਨਦੇਕ ਸ਼ਹਿਰ ਦੇ ਬਾਹਰ ਸਥਿਤ ਕਾਰਖਾਨੇ ਵਿਚ ਤਕਰੀਬਨ 150 ਮਜ਼ਦੂਰ ਸਨ। ਸਿਹਤ ਮੰਤਰੀ ਪਾਰੇਟਿਨ ਕੋਕਾ ਨੇ ਟਵੀਟ ਕੀਤਾ ਕਿ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਉਥੇ ਹੀ 73 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ 85 ਐਂਬੂਲੈਂਸਾਂ, ਦੋ ਹਵਾਈ ਐਂਬੂਲੈਂਸਾਂ ਤੇ 11 ਬਚਾਅ ਦਲਾਂ ਨੂੰ ਭੇਜਿਆ ਗਿਆ ਹੈ। ਖਬਰਾਂ ਮੁਤਾਬਕ ਕਈ ਦਮਕਲ ਟੀਮਾਂ ਨੂੰ ਫੈਕਟਰੀ ਭੇਜਿਆ ਗਿਆ ਜੋ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸਥਿਤ ਹਨ। ਫੈਕਟਰੀ ਵਿਚ ਧਮਾਕੇ ਜਾਰੀ ਰਹਿਣ ਕਾਰਣ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿਚ ਰੁਕਾਵਟ ਪੈਦਾ ਹੋਈ। ਧਮਾਕਾ ਹੋਣ ਦੇ ਕਾਰਣਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹੇਬਰਤੁਰਕ ਟੈਲੀਵਿਜ਼ਨ ਨੇ ਕਿਹਾ ਕਿ ਅਧਿਕਾਰੀਆਂ ਨੇ ਫੈਕਟਰੀ ਵੱਲ ਜਾਣ ਵਾਲੇ ਰਸਤਿਆਂ ਨੂੰ ਰੋਕ ਦਿੱਤਾ ਹੈ। ਮਜ਼ਦੂਰਾਂ ਦੇ ਪਰਿਵਾਰ ਵਾਲੇ ਉਨ੍ਹਾਂ ਦਾ ਹਾਲ ਜਾਨਣ ਲਈ ਮੌਕੇ 'ਤੇ ਪਹੁੰਚ ਰਹੇ ਸਨ।


Baljit Singh

Content Editor

Related News