ਸ਼੍ਰੀਲੰਕਾ 'ਚ ਵਧਿਆ ਪੈਟਰੋਲ ਸੰਕਟ, ਹਸਪਤਾਲ ਜਾਣ ਲਈ ਤੇਲ ਨਾ ਮਿਲਣ ਕਾਰਨ ਨਵਜਨਮੇ ਬੱਚੇ ਦੀ ਮੌਤ

Monday, May 23, 2022 - 04:28 PM (IST)

ਸ਼੍ਰੀਲੰਕਾ 'ਚ ਵਧਿਆ ਪੈਟਰੋਲ ਸੰਕਟ, ਹਸਪਤਾਲ ਜਾਣ ਲਈ ਤੇਲ ਨਾ ਮਿਲਣ ਕਾਰਨ ਨਵਜਨਮੇ ਬੱਚੇ ਦੀ ਮੌਤ

ਕੋਲੰਬੋ (ਬਿਊਰੋ): ਸ਼੍ਰੀਲੰਕਾ ਵਿੱਚ ਈਂਧਨ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇੱਥੇ ਦੋ ਦਿਨ ਦੇ ਬੱਚੇ ਦੀ ਮੌਤ ਤੋਂ ਬਾਅਦ ਇੱਕ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਉਸ ਦੇ ਪਿਤਾ ਨੂੰ ਆਪਣੀ ਕਾਰ ਲਈ ਪੈਟਰੋਲ ਨਹੀਂ ਮਿਲ ਸਕਿਆ, ਜਿਸ ਕਾਰਨ ਉਹ ਮਾਸੂਮ ਨੂੰ ਹਸਪਤਾਲ ਨਹੀਂ ਲਿਜਾ ਸਕਿਆ। ਦਿਯਾਤਲਾਵਾ ਹਸਪਤਾਲ ਦੇ ਜੁਡੀਸ਼ੀਅਲ ਮੈਡੀਕਲ ਅਫਸਰ (ਜੇਐਮਓ) ਸ਼ਨਾਕਾ ਰੋਸ਼ਨ ਪਥੀਰਾਨਾ ਨੇ ਬੱਚੇ ਦਾ ਪੋਸਟਮਾਰਟਮ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਦਿਲ ਦਹਿਲਾ ਦੇਣ ਵਾਲੀ ਕਹਾਣੀ ਸਾਂਝੀ ਕੀਤੀ।

ਰਾਜਧਾਨੀ ਕੋਲੰਬੋ ਤੋਂ ਲਗਭਗ 190 ਕਿਲੋਮੀਟਰ ਦੂਰ ਹਲਦਾਮੁਲਾ ਵਿੱਚ ਮਾਪੇ ਆਪਣੇ ਬੱਚੇ ਨੂੰ ਹਸਪਤਾਲ ਲਿਜਾਣਾ ਚਾਹੁੰਦੇ ਸਨ ਕਿਉਂਕਿ ਉਸ ਵਿੱਚ ਪੀਲੀਆ ਦੇ ਲੱਛਣ ਦਿਖਾਈ ਦੇ ਰਹੇ ਸਨ ਅਤੇ ਉਹ ਦੁੱਧ ਵੀ ਨਹੀਂ ਪੀ ਰਿਹਾ ਸੀ। ਬਾਲਣ ਦੀ ਕਿੱਲਤ ਕਾਰਨ ਬੱਚੇ ਦਾ ਪਿਤਾ ਘੰਟਿਆਂ ਬੱਧੀ ਪੈਟਰੋਲ ਲੱਭਦਾ ਰਿਹਾ। ਅੰਤ ਵਿੱਚ ਜਦੋਂ ਬੱਚਾ ਹਲਦਾਮੁੱਲਾ ਦੇ ਇੱਕ ਹਸਪਤਾਲ ਵਿੱਚ ਪਹੁੰਚਿਆ ਤਾਂ ਡਾਕਟਰਾਂ ਨੂੰ ਉਸ ਨੂੰ ਦਿਆਤਲਵਾ ਹਸਪਤਾਲ ਦੇ ਐਮਰਜੈਂਸੀ ਇਲਾਜ ਯੂਨਿਟ (ਈਟੀਯੂ) ਵਿੱਚ ਸ਼ਿਫਟ ਕਰਨਾ ਪਿਆ। ਉਸ ਨੂੰ ਦਾਖ਼ਲ ਕਰਨ ਵਿੱਚ ਦੇਰੀ ਕਾਰਨ ਬੱਚੇ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ- 'ਈਂਧਨ' ਬਚਾਉਣ ਲਈ ਕੰਮਕਾਜੀ ਦਿਨਾਂ ਨੂੰ ਘਟਾ ਸਕਦੀ ਹੈ ਪਾਕਿਸਤਾਨ ਸਰਕਾਰ

ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਪਥੀਰਾਨਾ ਨੇ ਰਾਜਨੀਤਿਕ ਅਧਿਕਾਰੀਆਂ 'ਤੇ ਸਭ ਤੋਂ ਖਰਾਬ ਆਰਥਿਕ ਸੰਕਟ ਵਿੱਚ ਲੋਕਾਂ ਦੀ ਮਦਦ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੋਸਟਮਾਰਟਮ ਕਰਨਾ ਬਹੁਤ ਦੁਖਦਾਈ ਸੀ ਕਿਉਂਕਿ ਬੱਚੇ ਦੇ ਸਾਰੇ ਅੰਗ ਚੰਗੀ ਤਰ੍ਹਾਂ ਵਿਕਸਿਤ ਸਨ। ਮਾਪਿਆਂ ਲਈ ਇਹ ਨਿਰਾਸ਼ਾਜਨਕ ਯਾਦ ਹੈ ਕਿ ਉਹ ਆਪਣੇ ਬੱਚੇ ਨੂੰ ਸਿਰਫ਼ ਇਸ ਲਈ ਨਹੀਂ ਬਚਾ ਸਕੇ ਕਿਉਂਕਿ ਉਨ੍ਹਾਂ ਨੂੰ ਇੱਕ ਲੀਟਰ ਪੈਟਰੋਲ ਨਹੀਂ ਮਿਲਿਆ। ਇਸ ਵਿਚਕਾਰ ਸਿੱਖਿਆ ਮੰਤਰੀ ਸੁਸ਼ੀਲ ਪ੍ਰੇਮਜਯੰਤਾ ਨੇ ਦੇਸ਼ ਤੋਂ ਉਹਨਾਂ ਬੱਚਿਆਂ ਨੂੰ ਆਵਾਜਾਈ ਵਿਚ ਤੁਰੰਤ ਮਦਦ ਕਰਨ ਦੀ ਅਪੀਲ ਕੀਤੀ ਜੋ ਸੋਮਵਾਰ ਨੂੰ ਆਪਣੀ ਮਹੱਤਵਪੂਰਨ GCE ਜਨਰਲ ਪੱਧਰ ਦੀ ਪ੍ਰੀਖਿਆ ਦੇਣ ਜਾ ਰਹੇ ਹਨ।

ਮੰਤਰੀ ਨੇ ਬੇਨਤੀ ਕੀਤੀ ਕਿ ਮਨੁੱਖਤਾ ਦੇ ਨਾਮ 'ਤੇ, ਕਿਰਪਾ ਕਰਕੇ ਉਸ ਬੱਚੇ ਦੀ ਮਦਦ ਕਰੋ ਅਤੇ ਲਿਫਟ ਦਿਓ ਜੋ ਬਿਨਾਂ ਟਰਾਂਸਪੋਰਟ ਦੇ ਪ੍ਰੀਖਿਆ ਲਈ ਲੇਟ ਹੋ ਰਿਹਾ ਹੈ। ਕਿਰਪਾ ਕਰਕੇ ਵਿਦਿਆਰਥੀਆਂ ਅਤੇ ਪ੍ਰੀਖਿਆ ਦੇਣ ਵਾਲਿਆਂ ਲਈ ਸੜਕ ਨਾ ਰੋਕੋ।ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਇਸ ਸਮੇਂ ਬਿਜਲੀ ਅਤੇ ਈਂਧਨ ਦੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਨਾਲ ਈਂਧਨ ਅਤੇ ਗੈਸ ਆਯਾਤ ਕਰਨ ਲਈ ਡਾਲਰ ਲੱਭਣ ਲਈ ਸੰਘਰਸ਼ ਕਰ ਰਿਹਾ ਹੈ। ਭਾਰਤ ਨੇ ਕਈ ਮੌਕਿਆਂ 'ਤੇ ਸ਼੍ਰੀਲੰਕਾ ਦੀ ਮਦਦ ਕੀਤੀ ਹੈ ਅਤੇ ਸ਼ਨੀਵਾਰ ਨੂੰ ਕਰਜ਼ੇ ਦੀ ਸਹੂਲਤ ਦੇ ਤਹਿਤ 40,000 ਮੀਟ੍ਰਿਕ ਟਨ ਡੀਜ਼ਲ ਮੁਹੱਈਆ ਕਰਵਾਇਆ ਹੈ। ਅਪ੍ਰੈਲ ਵਿੱਚ, ਭਾਰਤ ਨੇ ਈਂਧਨ ਆਯਾਤ ਕਰਨ ਲਈ 500 ਮਿਲੀਅਨ ਡਾਲਰ ਦੀ ਵਾਧੂ ਕ੍ਰੈਡਿਟ ਲਾਈਨ ਵਧਾ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News