ਡਰਾਈਵਰਾਂ ਦੀ ਲਾਪਰਵਾਹੀ ਨਾਲ ਵਾਪਰੇ ਹਾਦਸੇ, 18 ਲੋਕਾਂ ਦੀ ਹੋਈ ਦਰਦਨਾਕ ਮੌਤ
Monday, Dec 30, 2024 - 08:32 PM (IST)
ਇਸਲਾਮਾਬਾਦ (ਮਪ) : ਪਾਕਿਸਤਾਨ ਵਿਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਘੱਟੋ-ਘੱਟ 18 ਯਾਤਰੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਪਾਕਿਸਤਾਨ 'ਚ ਇਕ ਹਾਈਵੇਅ 'ਤੇ ਇਕ ਤੇਜ਼ ਰਫਤਾਰ ਯਾਤਰੀ ਬੱਸ ਪਲਟਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ।
ਸਥਾਨਕ ਮੀਡੀਆ ਮੁਕਾਬਕ ਇੱਕ ਹੋਰ ਹਾਦਸੇ ਵਿੱਚ ਦੱਖਣੀ ਸਿੰਧ ਸੂਬੇ ਦੇ ਨੌਸ਼ਹਿਰੋ ਫਿਰੋਜ਼ ਜ਼ਿਲ੍ਹੇ ਵਿੱਚ ਇੱਕ ਹਾਈਵੇਅ 'ਤੇ ਇੱਕ ਯਾਤਰੀ ਵਾਹਨ ਦੇ ਇੱਕ ਟਰੱਕ ਨਾਲ ਟਕਰਾਉਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੋਵਾਂ ਹਾਦਸਿਆਂ ਲਈ ਡਰਾਈਵਰਾਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਅਧਿਕਾਰੀ ਮੁਹੰਮਦ ਅਰਸ਼ਦ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਫਤਿਹ ਜੰਗ ਸ਼ਹਿਰ 'ਚ ਵਾਪਰੇ ਇਸ ਬੱਸ ਹਾਦਸੇ 'ਚ 7 ਯਾਤਰੀ ਜ਼ਖਮੀ ਵੀ ਹੋਏ ਹਨ। ਉਸ ਨੇ ਦੱਸਿਆ ਕਿ ਬੱਸ ਬਹਾਵਲਪੁਰ ਸ਼ਹਿਰ ਤੋਂ ਇਸਲਾਮਾਬਾਦ ਜਾ ਰਹੀ ਸੀ।
ਪਾਕਿਸਤਾਨ ਵਿੱਚ ਸੜਕ ਹਾਦਸੇ ਆਮ ਹਨ, ਕਿਉਂਕਿ ਹਾਈਵੇਅ ਅਤੇ ਸੜਕਾਂ ਦੀ ਮਾੜੀ ਸਾਂਭ-ਸੰਭਾਲ ਨਹੀਂ ਹੈ ਅਤੇ ਟ੍ਰੈਫਿਕ ਕਾਨੂੰਨਾਂ ਦੀ ਵਿਆਪਕ ਤੌਰ 'ਤੇ ਅਣਦੇਖੀ ਕੀਤੀ ਜਾਂਦੀ ਹੈ। ਪਿਛਲੇ ਮਹੀਨੇ ਉੱਤਰੀ ਪਾਕਿਸਤਾਨ ਵਿੱਚ ਇੱਕ ਬੱਸ ਸਿੰਧ ਨਦੀ ਵਿੱਚ ਡਿੱਗਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਸੀ।