ਸਜ਼ਾ ਪੂਰੀ ਹੋਣ ਦੇ ਬਾਵਜੂਦ ਨਹੀਂ ਕੀਤਾ ਰਿਹਾਅ ! ਪਾਕਿ ਜੇਲ੍ਹ ''ਚ ਭਾਰਤੀ ਮਛੇਰੇ ਦੀ ਹੋਈ ਮੌਤ, ਘਰ ਪਹੁੰਚੀ ਮ੍ਰਿਤਕ ਦੇਹ

Sunday, Feb 08, 2026 - 10:28 AM (IST)

ਸਜ਼ਾ ਪੂਰੀ ਹੋਣ ਦੇ ਬਾਵਜੂਦ ਨਹੀਂ ਕੀਤਾ ਰਿਹਾਅ ! ਪਾਕਿ ਜੇਲ੍ਹ ''ਚ ਭਾਰਤੀ ਮਛੇਰੇ ਦੀ ਹੋਈ ਮੌਤ, ਘਰ ਪਹੁੰਚੀ ਮ੍ਰਿਤਕ ਦੇਹ

ਨੈਸ਼ਨਲ ਡੈਸਕ- ਪਾਕਿਸਤਾਨ ਦੀ ਜੇਲ੍ਹ ਵਿੱਚ ਜਾਨ ਗੁਆਉਣ ਵਾਲੇ 36 ਸਾਲਾ ਭਾਰਤੀ ਮਛੇਰੇ ਭਾਗਾਭਾਈ ਬੰਭਣੀਆ ਦੀ ਮ੍ਰਿਤਕ ਦੇਹ ਐਤਵਾਰ ਨੂੰ ਗੁਜਰਾਤ ਦੇ ਗੀਰ ਸੋਮਨਾਥ ਜ਼ਿਲ੍ਹੇ ਵਿੱਚ ਸਥਿਤ ਉਸ ਦੇ ਜੱਦੀ ਪਿੰਡ ਚਿਖਲੀ ਪਹੁੰਚ ਗਈ ਹੈ। ਭਾਗਾਭਾਈ ਦੀ ਮੌਤ 16 ਜਨਵਰੀ ਨੂੰ ਕਰਾਚੀ ਦੀ ਇੱਕ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

ਭਾਗਾਭਾਈ ਬੰਭਣੀਆ ਨੂੰ ਫਰਵਰੀ 2022 ਵਿੱਚ ਪਾਕਿਸਤਾਨੀ ਅਧਿਕਾਰੀਆਂ ਨੇ ਉਦੋਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਸ ਦੀ ਕਿਸ਼ਤੀ ਗਲਤੀ ਨਾਲ ਪਾਕਿਸਤਾਨੀ ਪਾਣੀ 'ਚ ਜਾ ਵੜੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਆਪਣੀ ਸਜ਼ਾ ਲਗਭਗ ਤਿੰਨ ਸਾਲ ਪਹਿਲਾਂ ਹੀ ਪੂਰੀ ਕਰ ਲਈ ਸੀ, ਪਰ ਫਿਰ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ ਤੇ ਇਸੇ ਦੌਰਾਨ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਜੇਲ੍ਹ 'ਚ ਹੀ ਮੌਤ ਹੋ ਗਈ।

ਅੰਮ੍ਰਿਤਸਰ ਦੇ ਵਾਘਾ ਬਾਰਡਰ 'ਤੇ ਪਾਕਿਸਤਾਨੀ ਅਧਿਕਾਰੀਆਂ ਨੇ ਮ੍ਰਿਤਕ ਦੇਹ ਭਾਰਤੀ ਮੱਛੀ ਪਾਲਣ ਵਿਭਾਗ ਦੀ ਟੀਮ ਨੂੰ ਸੌਂਪੀ, ਜਿਸ ਤੋਂ ਬਾਅਦ ਇਸ ਨੂੰ ਹਵਾਈ ਜਹਾਜ਼ ਰਾਹੀਂ ਅਹਿਮਦਾਬਾਦ ਅਤੇ ਫਿਰ ਸੜਕ ਮਾਰਗ ਰਾਹੀਂ ਉਸ ਦੇ ਪਿੰਡ ਲਿਆਂਦਾ ਗਿਆ। ਸ਼ਾਂਤੀ ਕਾਰਕੁੰਨਾਂ ਅਤੇ ਮਾਹਿਰਾਂ ਨੇ ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਹੋਏ 2008 ਦੇ ਕੌਂਸਲਰ ਐਕਸੈਸ ਸਮਝੌਤੇ ਦੀ ਸਿੱਧੀ ਉਲੰਘਣਾ ਦੱਸਿਆ ਹੈ। ਇਸ ਸਮਝੌਤੇ ਮੁਤਾਬਕ ਸਜ਼ਾ ਪੂਰੀ ਹੋਣ ਅਤੇ ਨਾਗਰਿਕਤਾ ਦੀ ਪੁਸ਼ਟੀ ਹੋਣ ਦੇ ਇੱਕ ਮਹੀਨੇ ਦੇ ਅੰਦਰ ਕੈਦੀਆਂ ਨੂੰ ਰਿਹਾਅ ਕਰਨਾ ਹੁੰਦਾ ਹੈ।

ਮੌਜੂਦਾ ਅੰਕੜਿਆਂ ਅਨੁਸਾਰ, ਅਜੇ ਵੀ 198 ਭਾਰਤੀ ਮਛੇਰੇ ਕਰਾਚੀ ਦੀ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ ਵਿੱਚੋਂ ਲਗਭਗ 160 ਮਛੇਰੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਭਾਰਤੀ ਨਾਗਰਿਕਤਾ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਮਛੇਰੇ ਭਾਈਚਾਰੇ ਨੇ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਬਾਕੀ ਬਚੇ ਮਛੇਰਿਆਂ ਦੀ ਜਲਦ ਰਿਹਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।


author

Harpreet SIngh

Content Editor

Related News