ਬ੍ਰਾਜ਼ੀਲ ’ਚ ਹੜ੍ਹ ਕਾਰਨ 18 ਲੋਕਾਂ ਦੀ ਮੌਤ, 280 ਤੋਂ ਵੱਧ ਜ਼ਖ਼ਮੀ
Monday, Dec 27, 2021 - 10:32 AM (IST)
ਬ੍ਰਾਸੀਲੀਆ (ਵਾਰਤਾ) : ਬ੍ਰਾਜ਼ੀਲ ਵਿਚ ਆਏ ਹੜ੍ਹ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ 280 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਸੀ.ਐਨ.ਐਨ. ਨੇ ਸ਼ਨੀਵਾਰ ਨੂੰ ਗਵਰਨਰ ਰੁਈ ਕੋਸਟਾ ਦੇ ਹਵਾਲੇ ਤੋਂ ਦੱਸਿਆ ਕਿ ਹੜ੍ਹ ਕਾਰਨ ਬਾਹੀਆ ਸੂਬੇ ਦੇ ਕਰੀਬ 40 ਸ਼ਹਿਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ, ‘ਇਹ ਇਕ ਵੱਡੀ ਤ੍ਰਾਸਦੀ ਹੈ। ਮੈਨੂੰ ਬਾਹੀਆ ਦੇ ਹਾਲ ਹੀ ਦੇ ਇਤਿਹਾਸ ਵਿਚ ਅਜਿਹਾ ਕੁੱਝ ਵੀ ਦੇਖਿਆ ਹੋਵੇ ਯਾਦ ਨਹੀਂ ਹੈ। ਸ਼ਹਿਰਾਂ ਅਤੇ ਘਰਾਂ ਵਿਚ ਪਾਣੀ ਭਰਿਆ ਹੋਇਆ ਦੇਖਿਆ ਗਿਆ। ਇਹ ਅਸਲ ਵਿਚ ਭਿਆਨਕ ਹੈ, ਕਈ ਘਰ ਅਤੇ ਸੜਕਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ।’
ਬਾਹੀਆ ਦੀ ਨਾਗਰਿਕ ਸੁਰੱਖਿਆ ਅਤੇ ਸੁਰੱਖਿਆ ਏਜੰਸੀ ਮੁਤਾਬਕ ਹੜ੍ਹ ਕਾਰਨ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਇਸ ਦੌਰਾਨ ਇਟਾਂਬੇ ਸ਼ਹਿਰ ਵਿਚ ਸ਼ਨੀਵਾਰ ਦੇਰ ਸ਼ਾਮ ਮੀਂਹ ਕਾਰਨ ਬੰਨ੍ਹ ਟੁੱਟ ਗਿਆ। ਬ੍ਰਾਜ਼ੀਲ ਦੀ ਰਾਸ਼ਟਰੀ ਮੌਸਮ ਵਿਗਿਆਨ ਸੰਸਥਾ ਨੇ ਕਰੀਬ ਪੂਰੇ ਬਾਹੀਆ ਸੂਬੇ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਸੋਮਵਾਰ ਅਤੇ ਮੰਗਲਵਾਰ ਨੂੰ ਸਥਿਤੀ ਵਿਚ ਸੁਧਾਰ ਹੋਣ ਦੇ ਆਸਾਰ ਹਨ।