ਪਾਕਿ 'ਚ ਸੈਰ-ਸਪਾਟੇ 'ਤੇ ਗਏ ਬੱਚਿਆਂ ਨਾਲ ਵਾਪਰਿਆ ਭਾਣਾ, ਕਿਸ਼ਤੀ ਪਲਟਣ ਕਾਰਨ 17 ਵਿਦਿਆਰਥੀਆਂ ਦੀ ਮੌਤ
Monday, Jan 30, 2023 - 09:40 AM (IST)
ਪੇਸ਼ਾਵਰ (ਭਾਸ਼ਾ)- ਉੱਤਰ-ਪੱਛਮੀ ਪਾਕਿਸਤਾਨ ਵਿੱਚ ਐਤਵਾਰ ਨੂੰ ਇੱਕ ਝੀਲ ਵਿੱਚ ਕਿਸ਼ਤੀ ਪਲਟਣ ਕਾਰਨ ਇੱਕ ਮਦਰੱਸੇ ਦੇ ਘੱਟੋ-ਘੱਟ 17 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲ੍ਹੇ 'ਚ ਟਾਂਡਾ ਡੈਮ ਝੀਲ 'ਚ ਉਸ ਸਮੇਂ ਪਲਟ ਗਈ, ਜਦੋਂ ਮਦਰੱਸਾ ਮੀਰਬਾਸ਼ ਖੇਲ ਦੇ ਵਿਦਿਆਰਥੀ ਸੈਰ-ਸਪਾਟੇ 'ਤੇ ਨਿਕਲੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ 17 ਲਾਸ਼ਾਂ ਬਰਾਮਦ ਕੀਤੀਆਂ ਹਨ। ਕੋਹਾਟ ਦੇ ਡਿਪਟੀ ਕਮਿਸ਼ਨਰ ਫੁਰਕਾਨ ਅਸ਼ਰਫ ਨੇ ਦੱਸਿਆ ਕਿ ਕਿਸ਼ਤੀ ਵਿਚ 30 ਲੋਕ ਸਵਾਰ ਸਨ ਅਤੇ ਇਨ੍ਹਾਂ 'ਚ ਜ਼ਿਆਦਾਤਰ ਬੱਚੇ ਸਨ। ਇਨ੍ਹਾਂ ਵਿੱਚ 7 ਤੋਂ 14 ਸਾਲ ਦੀ ਉਮਰ ਦੇ ਵਿਦਿਆਰਥੀ ਸਨ। ਪਾਕਿਸਤਾਨੀ ਫੌਜ ਦੀਆਂ ਬਚਾਅ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ, ਜਿੱਥੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਖੈਬਰ ਪਖਤੂਨਖਵਾ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖਾਨ ਨੇ ਸਥਾਨਕ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਐਮਰਜੈਂਸੀ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਭਾਰਤੀ-ਅਮਰੀਕੀ ਰਾਜਾ ਚਾਰੀ US ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਦੇ ਅਹੁਦੇ ਲਈ ਨਾਮਜ਼ਦ