ਦੱਖਣੀ ਸੂਡਾਨ 'ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 17 ਮਰੇ

Sunday, Sep 09, 2018 - 05:01 PM (IST)

ਦੱਖਣੀ ਸੂਡਾਨ 'ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 17 ਮਰੇ

ਜੁਬਾ (ਭਾਸ਼ਾ)—ਦੱਖਣੀ ਸੂਡਾਨ ਵਿਚ ਐਤਵਾਰ ਨੂੰ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲਾਪਤਾ ਹਨ। ਸੂਚਨਾ ਮੰਤਰੀ ਨੇ ਦੱਸਿਆ ਕਿ ਜਹਾਜ਼ ਨੇ ਜੁਬਾ ਕੌਮਾਂਤਰੀ ਹਵਾਈ ਅੱਡੇ ਤੋਂ ਯਿਰੋਲ ਸ਼ਹਿਰ ਜਾਣ ਲਈ ਉਡਾਣ ਭਰੀ ਸੀ। ਇਸ ਦੌਰਾਨ ਰਸਤੇ 'ਚ ਨਦੀ 'ਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ ਪਰ 3 ਲੋਕ ਜਿਊਂਦੇ ਹਨ। ਜਹਾਜ਼ 'ਚ 3 ਬੱਚਿਆਂ ਸਮੇਤ ਕੁੱਲ 22 ਲੋਕ ਸਵਾਰ ਸਨ ਅਤੇ 2 ਲੋਕ ਅਜੇ ਵੀ ਲਾਪਤਾ ਹਨ। 

ਉਨ੍ਹਾਂ ਅੱਗੇ ਦੱਸਿਆ ਕਿ ਇਸ ਹਾਦਸੇ ਵਿਚ ਜਿਊਂਦੇ ਬਚਣ ਵਾਲੇ ਇਟਲੀ ਦੇ ਇਕ ਡਾਕਟਰ, ਇਕ 6 ਸਾਲਾ ਬੱਚਾ ਅਤੇ ਇਕ ਵਿਅਕਤੀ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦੀ ਯਿਰੋਲ ਦੇ ਹਸਪਤਾਲ ਵਿਚ ਸਰਜਰੀ ਕੀਤੀ ਜਾ ਰਹੀ ਹੈ। ਡਾਕਟਰ ਇਕ ਗੈਰ ਸਰਕਾਰੀ ਸੰਗਠਨ ਲਈ ਕੰਮ ਕਰਦੇ ਹਨ। ਇਕ ਚਸ਼ਮਦੀਦ ਨੇ ਦੱਸਿਆ ਕਿ ਨਦੀ 'ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜੰਗ ਪ੍ਰਭਾਵਿਤ ਦੱਖਣੀ ਸੂਡਾਨ ਵਿਚ ਹਾਲ ਦੇ ਸਾਲਾਂ ਵਿਚ ਕਈ ਜਹਾਜ਼ ਘਟਨਾਵਾਂ ਵਾਪਰੀਆਂ ਹਨ। ਸਾਲ 2017 ਵਿਚ ਖਰਾਬ ਮੌਸਮ ਕਾਰਨ ਜਹਾਜ਼ 'ਚ ਲੈਂਡਿੰਗ ਦੌਰਾਨ ਅੱਗ ਲੱਗ ਗਈ ਸੀ, ਜਿਸ ਕਾਰਨ 4 ਯਾਤਰੀ ਜ਼ਖਮੀ ਹੋ ਗਏ ਸਨ।


Related News