ਕੈਨੇਡਾ ''ਚ ਜ਼ਬਰੀ ਵਸੂਲੀ ਵਾਲੇ ''ਪੰਜਾਬੀ ਗੈਂਗ'' ਦਾ ਪਰਦਾਫਾਸ਼! 17 ਜਣੇ ਗ੍ਰਿਫਤਾਰ
Monday, May 25, 2026 - 09:33 PM (IST)
ਬਰੈਂਪਟਨ: ਪੀਲ ਰੀਜਨਲ ਪੁਲਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। 'ਫੋਰ ਬ੍ਰਦਰਜ਼' (For Brothers) ਨਾਮਕ ਇਸ ਗਰੋਹ ਵਿਰੁੱਧ ਕੀਤੀ ਗਈ ਕਾਰਵਾਈ ਦੌਰਾਨ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਰੁੱਧ ਕੁੱਲ 106 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।
ਹਿੰਸਾ ਅਤੇ ਧਮਕੀਆਂ ਦਾ ਸਿਲਸਿਲਾ
ਜਾਂਚਕਰਤਾਵਾਂ ਅਨੁਸਾਰ, ਇਹ ਨੈੱਟਵਰਕ ਓਨਟਾਰੀਓ (ਬਰੈਂਪਟਨ, ਮਿਸੀਸਾਗਾ, ਕੈਲੇਡਨ), ਬ੍ਰਿਟਿਸ਼ ਕੋਲੰਬੀਆ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਸਰਗਰਮ ਸੀ। ਇਹ ਗਰੋਹ ਮੁੱਖ ਤੌਰ 'ਤੇ ਰੈਸਟੋਰੈਂਟਾਂ ਅਤੇ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾ ਕੇ ਧਮਕੀਆਂ, ਗੋਲੀਬਾਰੀ ਅਤੇ ਅਗਜ਼ਨੀ ਰਾਹੀਂ ਪੈਸਿਆਂ ਦੀ ਮੰਗ ਕਰਦਾ ਸੀ। ਪੁਲਸ ਨੇ ਦੱਸਿਆ ਕਿ ਇਸ ਗਰੋਹ ਨਾਲ ਸਬੰਧਤ 24 ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ 324 ਗੋਲੀਆਂ ਚਲਾਈਆਂ ਗਈਆਂ ਸਨ। ਤਲਾਸ਼ੀ ਦੌਰਾਨ ਪੁਲਸ ਨੇ ਛੇ ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ ਅਤੇ ਜਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।

ਗ੍ਰਿਫਤਾਰ ਕੀਤੇ ਗਏ ਮੁਲਜ਼ਮ
ਫੜੇ ਗਏ ਵਿਅਕਤੀਆਂ ਵਿੱਚ ਜ਼ਿਆਦਾਤਰ ਬਰੈਂਪਟਨ ਦੇ ਰਹਿਣ ਵਾਲੇ ਨੌਜਵਾਨ ਹਨ। ਮੁਲਜ਼ਮਾਂ 'ਚ ਬਰੈਂਪਟਨ ਦੇ 25 ਸਾਲਾ ਇਕਬਾਲ ਸਿੰਘ ਭਾਗਰੀਆ; ਨੌਰਵਲ ਦੇ 24 ਸਾਲਾ ਆਕਾਸ਼ਦੀਪ ਸਿੰਘ; ਸਰੀ, ਬੀ.ਸੀ. ਦੇ 25 ਸਾਲਾ ਰਵਿੰਦਰ ਸਿੰਘ; ਸਰੀ, ਬੀ.ਸੀ. ਦੇ 21 ਸਾਲਾ ਜਸ਼ਨਬੀਰ ਸਿੰਘ; ਬਰੈਂਪਟਨ ਦੇ 26 ਸਾਲਾ ਦਿਲਾਵਰਪ੍ਰੀਤ ਸਿੰਘ; ਬਰੈਂਪਟਨ ਦੇ 21 ਸਾਲਾ ਮਨਦੀਪ ਸਿੰਘ; ਬਰੈਂਪਟਨ ਦੇ 22 ਸਾਲਾ ਪ੍ਰਭਦੀਪ ਸੋਹਲ; ਬਰੈਂਪਟਨ ਦੇ 22 ਸਾਲਾ ਪ੍ਰਤਾਪਬੀਰ ਘੁੰਮਣ; ਬਰੈਂਪਟਨ ਦੇ 29 ਸਾਲਾ ਅਜੈਦੀਪ ਸਿੰਘ; ਬਰੈਂਪਟਨ ਦੇ 24 ਸਾਲਾ ਨਵਰੂਪ ਸਿੰਘ; ਬੈਰੀ ਦੇ 28 ਸਾਲਾ ਰਾਜਨ ਸਿੰਘ; ਬਰੈਂਪਟਨ ਦੇ 22 ਸਾਲਾ ਅੰਮ੍ਰਿਤਜੋਤ ਸਿੰਘ; ਬਰੈਂਪਟਨ ਦੇ 22 ਸਾਲਾ ਜਸ਼ਨਪ੍ਰੀਤ ਸਿੰਘ; ਬਰੈਂਪਟਨ ਦੇ 27 ਸਾਲਾ ਗੁਨੀਤ ਗੁਨੀਤ; ਬਰੈਂਪਟਨ ਦੇ 32 ਸਾਲਾ ਸੁਖਵਿੰਦਰ ਸਿੰਘ; ਬਰੈਂਪਟਨ ਦੇ 30 ਸਾਲਾ ਮੋਹਿੰਦਰ ਸਿੰਘ; ਅਤੇ ਗੌਤਮ ਗੌਤਮ, 22, ਮੈਂਟੇਕਾ, ਕੈਲੀਫੋਰਨੀਆ ਸ਼ਾਮਲ ਹੈ।
ਸਾਂਝੀ ਜਾਂਚ ਤੇ ਦੇਸ਼ ਨਿਕਾਲੇ ਦੀ ਕਾਰਵਾਈ
ਇਹ ਜਾਂਚ ਦਸੰਬਰ 2025 ਵਿੱਚ ਸ਼ੁਰੂ ਹੋਈ ਸੀ, ਜਿਸ ਵਿੱਚ ਪੀਲ ਪੁਲਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ (OPP), ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA), FBI ਅਤੇ ਫਿਨਟ੍ਰੈਕ (FINTRAC) ਸ਼ਾਮਲ ਸਨ। CBSA ਅਨੁਸਾਰ, ਇਸ ਨੈੱਟਵਰਕ ਨਾਲ ਜੁੜੇ ਕਈ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ (deportation) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਤੱਕ 55 ਲੋਕਾਂ ਨੂੰ ਕੈਨੇਡਾ ਤੋਂ ਕੱਢਿਆ ਜਾ ਚੁੱਕਾ ਹੈ।
ਪੀਲ ਪੁਲਸ ਦੇ ਚੀਫ਼ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਭਾਈਚਾਰੇ ਵਿੱਚ ਫੈਲੇ ਡਰ ਨੂੰ ਖਤਮ ਕਰਨ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਤੋੜਨ ਲਈ ਇੱਕ ਮਹੱਤਵਪੂਰਨ ਕਦਮ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਵੀ ਜਤਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
