ਕੈਲੀਫੋਰਨੀਆ ਦੀ 16 ਸਾਲਾ ਬੱਚੀ ਨੇ ਕਿਸਾਨ ਅੰਦੋਲਨ ’ਚ ਪਾਇਆ ਅਣਮੁੱਲਾ ਯੋਗਦਾਨ
Thursday, Jul 15, 2021 - 09:01 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਲਾਗੂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਵਿਰੋਧ ਦੁਨੀਆ ਭਰ ’ਚ ਕੀਤਾ ਜਾ ਰਿਹਾ ਹੈ। ਅਮਰੀਕਾ ’ਚ ਵੀ ਇਨ੍ਹਾਂ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੈ। ਅਮਰੀਕਾ ਵਸਦੇ ਸਿੱਖ ਭਾਈਚਾਰੇ ਨੇ ਖਾਸ ਕਰਕੇ ਇਸ ਅੰਦੋਲਨ ’ਚ ਆਪਣਾ ਯੋਗਦਾਨ ਪਾਇਆ ਹੈ। ਅਜਿਹਾ ਹੀ ਇੱਕ ਤਰ੍ਹਾਂ ਦਾ ਯੋਗਦਾਨ ਕੈਲੀਫੋਰਨੀਆ ਦੇ ਸਿਲਮਾ ’ਚ ਸਿੱਖ ਭਾਈਚਾਰੇ ਦੀ 16 ਸਾਲਾ ਲੜਕੀ ਨੇ ਵੀ ਪਾਇਆ ਹੈ। ਅਮਰੀਕਾ ’ਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਨੌਜਵਾਨ ਅਮਰੀਕੀ ਸਿੱਖਾਂ ਨੇ ਸੋਸ਼ਲ ਮੀਡੀਆ ਅਤੇ ਸਥਾਨਕ ਰੈਲੀਆਂ ’ਚ ਆਪਣਾ ਸਮਰਥਨ ਦਿਖਾਇਆ।
16 ਸਾਲ ਦੀ ਅਨੂਰੀਤ ਕੌਰ ਨੇ ਵੀ ਭਾਰਤੀ ਕਿਸਾਨ ਅੰਦੋਲਨ ਦੇ ਪ੍ਰਦਰਸ਼ਨਾਂ ਬਾਰੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਆਪਣਾ ਬਣਦਾ ਯੋਗਦਾਨ ਪਾਇਆ। ਇਸ ਲੜਕੀ ਨੇ ਇੰਨੀ ਵਾਰ ਪੋਸਟ ਪਾਈ ਕਿ ਉਸ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਪਾਬੰਦੀ ਲਾ ਦਿੱਤੀ ਗਈ। ਅਨੂਰੀਤ ਅਨੁਸਾਰ ਉਹ ਕਿਸਾਨ ਦੀ ਧੀ ਹੈ, ਇਸ ਲਈ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕਰੇਗੀ। ਇਸ ਤੋਂ ਇਲਾਵਾ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵੀ ਅਨੂਰੀਤ ਕੌਰ ਨੇ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਸਿਲਮਾ ਦੇ ਇੱਕ ਗੁਰਦੁਆਰੇ ’ਚ ਇੱਕ ਵਿਸ਼ਾਲ ਕੋਰੋਨਾ ਵਾਇਰਸ ਟੀਕਾਕਰਨ ਪ੍ਰੋਗਰਾਮ ’ਚ ਵੀ ਖਾਣਾ ਤਿਆਰ ਕੀਤਾ। ਇਸ ਪ੍ਰੋਗਰਾਮ ਦੌਰਾਨ 1000 ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਸੀ। ਸਿੱਖ ਭਾਈਚਾਰੇ ਨਾਲ ਸਬੰਧਿਤ ਇੱਕ ਸੰਸਥਾ ਦੀ ਜਕਾਰਾ ਮੂਵਮੈਂਟ ਦੇ ਕਾਰਜਕਾਰੀ ਡਾਇਰੈਕਟਰ ਦੀਪ ਸਿੰਘ ਦੇ ਅਨੁਸਾਰ, ਇਸ ਸਮਾਗਮ ਦਾ ਉਦੇਸ਼ ਵਿਸ਼ੇਸ਼ ਤੌਰ ’ਤੇ ਸਥਾਨਕ ਖੇਤੀਬਾੜੀ ਨਾਲ ਸਬੰਧਿਤ ਪਰਿਵਾਰਾਂ ਨੂੰ ਟੀਕਾ ਲਗਾਉਣਾ ਸੀ। ਇਸ ਬੱਚੀ ਵੱਲੋਂ ਸਮਾਜਿਕ ਕੰਮਾਂ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।