ਤਿੱਬਤ : ਕਬਰ ਚੋਰ ਗਿਰੋਹ ਦੇ 16 ਮੈਂਬਰ ਗ੍ਰਿਫਤਾਰ

08/21/2018 10:26:16 PM

ਬੀਜਿੰਗ— ਤਿੱਬਤ 'ਚ ਪੁਲਸ ਨੇ ਇਕ ਗਿਰੋਹ ਦੇ 16 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਤੇ ਦੋਸ਼ ਹੈ ਕਿ ਉਹ ਕਬਰ-ਚੋਰ ਗੈਂਗ ਦੇ ਮੈਂਬਰ ਹਨ। ਪੁਲਸ ਨੇ ਇਨ੍ਹਾਂ ਲੋਕਾਂ ਕੋਲੋਂ ਇਕ ਮੰਦਰ 'ਚੋਂ ਚੋਰੀ ਹੋਈ ਬੁੱਧ ਦੀ ਮੂਰਤੀ ਸਣੇ ਹੋਰ 53 ਸੱਭਿਆਚਾਰਕ ਯਾਦਗਾਰੀ ਚੀਜ਼ਾਂ ਬਰਾਮਦ ਕੀਤੀਆਂ ਹਨ। ਇਕ ਪੱਤਰਕਾਰ ਏਜੰਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਸਿਨਹੂਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੈਂਗ ਨੇ ਰਾਜਧਾਨੀ ਲ੍ਹਾਸਾ ਦੇ ਡਗਜ਼ਾ ਜ਼ਿਲੇ ਦੇ ਪਿੰਡ ਪੱਗਾਰਕਸੋਈ 'ਚ ਇਕ ਖੰਡਰ ਹੋਏ ਮੰਦਰ 'ਚੋਂ ਇਸੇ ਸਾਲ ਜੂਨ ਤੇ ਜੁਲਾਈ ਦੇ ਵਿਚਕਾਰ ਬੁੱਧ ਦੀ ਮੂਰਤੀ ਸਣੇ ਹੋਰ ਕਈ ਸਮਾਰਕ ਚੋਰੀ ਕੀਤੇ ਸਨ। ਪੁਲਸ ਨੇ ਇਨ੍ਹਾਂ 'ਚੋਂ ਕੁਝ ਨੂੰ ਮੌਕਾ-ਏ-ਵਾਰਦਾਤ ਤੋਂ ਗ੍ਰਿਫਤਾਰ ਕੀਤਾ ਤੇ ਕਈਆਂ ਨੂੰ ਬਾਅਦ 'ਚ ਕਾਬੂ ਕੀਤਾ ਗਿਆ। ਬਿਆਨ 'ਚ ਅੱਗੇ ਕਿਹਾ ਗਿਆ ਕਿ ਪੁਲਸ ਨੇ ਇਨ੍ਹਾਂ ਲੋਕਾਂ ਕੋਲੋਂ 53 ਸੱਭਿਆਚਾਰਕ ਯਾਦਗਾਰੀ ਚੀਜ਼ਾਂ ਬਰਾਮਦ ਕੀਤੀਆਂ। ਪੁਲਸ ਇਸ ਸਬੰਧੀ ਹੋਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਤੇ ਦੋਸ਼ੀਆਂ ਵਲੋਂ ਵੇਚੀਆਂ ਗਈਆਂ ਚੀਜ਼ਾਂ ਨੂੰ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News