36,000 ਫੁੱਟ ਦੀ ਉਚਾਈ 'ਤੇ ਜਹਾਜ਼, ਨੂਡਲਜ਼ ਖਾ ਕੇ ਸੁੱਤੇ ਰਹੇ ਦੋਵੇਂ ਪਾਇਲਟ, 153 ਯਾਤਰੀਆਂ ਦੀ ਜਾਨ 'ਤੇ ਬਣੀ
Monday, Mar 11, 2024 - 11:53 AM (IST)
ਜਕਾਰਤਾ- ਜਹਾਜ਼ ਵਿਚ ਪਾਇਲਟ 'ਤੇ ਯਾਤਰੀਆਂ ਲਈ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਸ ਦੀ ਇਕ ਗਲਤੀ ਸੈਂਕੜੇ ਲੋਕਾਂ ਦੀ ਜਾਨ ਲੈ ਸਕਦੀ ਹੈ ਪਰ ਇੰਡੋਨੇਸ਼ੀਆ ਵਿਚ ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਬਾਟਿਕ ਏਅਰ ਫਲਾਈਟ ਦੇ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਕਰੀਬ ਅੱਧੇ ਘੰਟੇ ਤੱਕ ਸੌਂ ਗਏ, ਜਿਸ ਤੋਂ ਬਾਅਦ ਜਹਾਜ਼ ਆਪਣਾ ਰਸਤਾ ਭਟਕ ਗਿਆ। ਨੈਸ਼ਨਲ ਟਰਾਂਸਪੋਰਟ ਸੇਫਟੀ ਕਮੇਟੀ (ਕੇ.ਐੱਨ.ਕੇ.ਟੀ.) ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਹਾਦਸਾ 25 ਜਨਵਰੀ ਨੂੰ ਵਾਪਰਿਆ ਸੀ। ਇਸ ਦੌਰਾਨ ਜਹਾਜ਼ 'ਚ 153 ਯਾਤਰੀ ਸਵਾਰ ਸਨ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਕਮੇਟੀ ਵੱਲੋਂ ਕੀਤੀ ਗਈ ਘਟਨਾ ਦੀ ਸ਼ੁਰੂਆਤੀ ਜਾਂਚ ਵਿੱਚ ਦੋਵਾਂ ਪਾਇਲਟਾਂ ਦੇ ਸੌਂਣ ਦੀ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਹੈਦਰਾਬਾਦ ਦੀ ਔਰਤ ਦਾ 'ਕਤਲ', ਕੂੜੇਦਾਨ 'ਚੋਂ ਮਿਲੀ ਲਾਸ਼
KNKT ਤੋਂ ਪ੍ਰਾਪਤ ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਬਾਟਿਕ ਏਅਰ BTK6723 ਦੇ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਦੱਖਣ-ਪੂਰਬੀ ਸੁਲਾਵੇਸੀ ਸੂਬੇ ਦੇ ਕੇਂਡਰੀ ਤੋਂ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਲਈ ਉਡਾਣ ਦੌਰਾਨ ਸੌਂ ਗਏ। ਹਾਲਾਂਕਿ, ਉਡਾਣ ਦੌਰਾਨ 153 ਯਾਤਰੀਆਂ ਅਤੇ ਜਹਾਜ਼ ਵਿਚ ਸਵਾਰ 4 ਫਲਾਈਟ ਅਟੈਂਡੈਂਟਾਂ ਵਿਚੋਂ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਅਤੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆਂ। ਰਿਪੋਰਟ 'ਚ ਕਿਹਾ ਗਿਆ ਹੈ ਕਿ ਫਲਾਈਟ BTK6723 ਨੇ 2 ਘੰਟੇ 35 ਮਿੰਟ ਤੱਕ ਉਡਾਣ ਭਰੀ, ਜਿਸ 'ਚ ਦੋਵੇਂ ਪਾਇਲਟ 30 ਮਿੰਟ ਸੁੱਤੇ ਰਹੇ। ਦੱਸਿਆ ਗਿਆ ਕਿ ਪਾਇਲਟਾਂ ਦੇ ਸੌਂ ਜਾਣ ਕਾਰਨ ਨੇਵੀਗੇਸ਼ਨ ਵਿੱਚ ਗਲਤੀਆਂ ਹੋਈਆਂ ਅਤੇ ਜਹਾਜ਼ ਆਪਣਾ ਰਸਤਾ ਭਟਕ ਗਿਆ। ਹਾਲਾਂਕਿ ਜਦੋਂ ਕੰਟਰੋਲ ਰੂਮ ਨੇ ਦੇਖਿਆ ਤਾਂ ਪਾਇਲਟ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਪਾਇਲਟ ਦੀ ਨੀਂਦ ਖੁੱਲ੍ਹੀ ਅਤੇ ਜਹਾਜ਼ ਦੀ ਜਕਾਰਤਾ 'ਚ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਇਹ ਵੀ ਪੜ੍ਹੋ: ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਕੈਨੇਡਾ 'ਚ ਕਤਲ ਦੀ ਵੀਡੀਓ ਆਈ ਸਾਹਮਣੇ
KNKT ਦੀ ਰਿਪੋਰਟ ਮੁਤਾਬਕ 25 ਜਨਵਰੀ ਨੂੰ ਜਕਾਰਤਾ ਵਿੱਚ ਉਡਾਣ ਦੀ ਤਿਆਰੀ ਦੌਰਾਨ ਸਹਿ-ਪਾਇਲਟ ਨੇ ਆਪਣੇ ਪਾਇਲਟ ਨੂੰ ਸੂਚਿਤ ਕੀਤਾ ਸੀ ਕਿ ਉਸਨੂੰ "ਸਹੀ ਢੰਗ ਨਾਲ ਆਰਾਮ" ਨਹੀਂ ਮਿਲਿਆ ਹੈ। ਜਹਾਜ਼ ਦੇ 36,000 ਫੁੱਟ ਦੀ ਉਚਾਈ 'ਤੇ ਉਡਾਣ ਭਰਨ ਤੋਂ ਬਾਅਦ, ਪਾਇਲਟ ਨੇ ਸਹਿ-ਪਾਇਲਟ ਨੂੰ ਆਰਾਮ ਕਰਨ ਲਈ ਕਿਹਾ ਅਤੇ ਉਹ ਕਾਕਪਿਟ ਦੇ ਅੰਦਰ "ਲਗਭਗ 30 ਮਿੰਟ" ਸੌਂ ਗਿਆ। ਸਹਿ-ਪਾਇਲਟ (ਜੋ ਸੈਕੇਂਡ-ਇਨ-ਕਮਾਂਡ ਪਾਇਲਟ ਵਜੋਂ ਵੀ ਜਾਣਿਆ ਜਾਂਦਾ ਹੈ) ਜਹਾਜ਼ ਦੇ ਕੇਂਡਰੀ ਵਿੱਚ ਉਤਰਨ ਤੋਂ ਪਹਿਲਾਂ ਜਾਗ ਗਿਆ। ਆਵਾਜਾਈ ਦੇ ਦੌਰਾਨ ਦੋਵੇਂ ਪਾਇਲਟਾਂ ਨੇ "ਕਾਕਪਿਟ ਵਿੱਚ ਇੰਸਟੈਂਟ ਨੂਡਲ ਕੱਪ" ਖਾਧਾ। BTK6723 ਜਹਾਜ਼ ਕੇਂਡਰੀ ਤੋਂ ਰਵਾਨਾ ਹੋਣ ਅਤੇ ਉਚਾਈ 'ਤੇ ਪਹੁੰਚਣ ਤੋਂ ਬਾਅਦ ਪਾਇਲਟ (ਜਿਸ ਨੂੰ ਪਾਇਲਟ-ਇਨ-ਕਮਾਂਡ ਵੀ ਕਿਹਾ ਜਾਂਦਾ ਹੈ) ਨੇ ਸਹਿ-ਪਾਇਲਟ ਤੋਂ ਸੌਣ ਦੀ ਇਜਾਜ਼ਤ ਮੰਗੀ, ਜੋ ਉਸ ਨੂੰ ਮਿਲ ਗਈ। ਕੁਝ ਸਕਿੰਟਾਂ ਬਾਅਦ ਪਾਇਲਟ ਸੌਂ ਗਿਆ ਅਤੇ ਸਹਿ-ਪਾਇਲਟ ਨੇ 'ਪਾਇਲਟ ਨਿਗਰਾਨੀ (ਪੀ. ਐੱਮ.)' ਦਾ ਕੰਮ ਸੰਭਾਲ ਲਿਆ।
ਇਹ ਵੀ ਪੜ੍ਹੋ: ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਹਮਲਾਵਰ ਨੇ ਪਾਰਟੀ ਕਰ ਰਹੇ ਲੋਕਾਂ 'ਤੇ ਚਲਾਈਆਂ ਗੋਲੀਆਂ, 3 ਹਲਾਕ
ਹਾਲਾਂਕਿ, ਪਾਇਲਟ ਕੁਝ ਦੇਰ ਬਾਅਦ ਉੱਠਿਆ ਅਤੇ ਉਸ ਨੇ ਸਹਿ-ਪਾਇਲਟ ਨੂੰ ਪੁੱਛਿਆ ਕਿ ਕੀ ਉਹ ਆਰਾਮ ਕਰਨਾ ਚਾਹੁੰਦਾ ਹੈ। ਸਹਿ-ਪਾਇਲਟ ਦੇ ਇਨਕਾਰ ਕਰਨ 'ਤੇ ਪਾਇਲਟ ਸੁੱਤਾ ਰਿਹਾ। ਕੇ.ਐੱਨ.ਕੇ.ਟੀ. ਦੀ ਰਿਪੋਰਟ ਅਨੁਸਾਰ ਉਡਾਣ ਦੇ ਲਗਭਗ 90 ਮਿੰਟ ਬਾਅਦ, ਜਦੋਂ ਪਾਇਲਟ ਸੌਂ ਰਿਹਾ ਸੀ ਅਤੇ ਸਹਿ-ਪਾਇਲਟ 'ਪਾਇਲਟ ਫਲਾਇੰਗ' ਅਤੇ 'ਪਾਇਲਟ ਨਿਗਰਾਨੀ' ਦੋਵਾਂ ਦਾ ਕੰਮ ਕਰ ਰਿਹਾ ਸੀ ਤਾਂ ਸਹਿ-ਪਾਇਲਟ ਨੂੰ ਵੀ ਨੀਂਦ ਆ ਗਈ ਉਹ ਵੀ ਸੌਂ ਗਿਆ। ਸਹਿ-ਪਾਇਲਟ ਤੋਂ ਆਖਰੀ ਰਿਕਾਰਡ ਕੀਤੇ ਟਰਾਂਸਮਿਸ਼ਨ ਤੋਂ ਲਗਭਗ 12 ਮਿੰਟ ਬਾਅਦ, ਜਕਾਰਤਾ ਏਰੀਆ ਕੰਟਰੋਲ ਸੈਂਟਰ (ਏ. ਸੀ. ਸੀ.) ਨੇ BTK6723 ਪਾਇਲਟਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਲਗਭਗ 28 ਮਿੰਟ ਬਾਅਦ, ਪਾਇਲਟ ਜਾਗ ਗਿਆ ਅਤੇ ਉਸ ਨੂੰ ਪਤਾ ਲੱਗਾ ਕਿ "ਜਹਾਜ਼ ਸਹੀ ਉਡਾਣ ਮਾਰਗ 'ਤੇ ਨਹੀਂ ਸੀ"। ਉਸ ਨੇ ਤੁਰੰਤ ਆਪਣੇ ਸਹਿ-ਪਾਇਲਟ ਨੂੰ ਜਗਾਇਆ ਅਤੇ ACC ਨਾਲ ਸੰਪਰਕ ਕਰਕੇ ਜ਼ਹਾਜ਼ ਦੀ ਜਕਾਰਤਾ 'ਚ ਸੁਰੱਖਿਅਤ ਲੈਂਡਿੰਗ ਕਰਵਾਈ। ਰਿਪੋਰਟ ਵਿੱਚ ਪਾਇਲਟਾਂ ਦੇ ਨਾਂ ਨਹੀਂ ਦੱਸੇ ਗਏ ਹਨ, ਪਰ ਪਾਇਲਟ ਦੀ ਪਛਾਣ 32 ਸਾਲ ਅਤੇ ਸਹਿ-ਪਾਇਲਟ ਦੀ ਪਛਾਣ 28 ਸਾਲ ਦੇ ਤੌਰ 'ਤੇ ਕੀਤੀ ਗਈ ਹੈ - ਦੋਵੇਂ ਇੰਡੋਨੇਸ਼ੀਆਈ ਪੁਰਸ਼ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਹਿ-ਪਾਇਲਟ ਦੇ ਇੱਕ ਮਹੀਨੇ ਦੇ ਜੁੜਵਾਂ ਬੱਚੇ ਸਨ ਅਤੇ "ਬੱਚਿਆਂ ਦੀ ਦੇਖਭਾਲ ਵਿੱਚ ਆਪਣੀ ਪਤਨੀ ਦੀ ਮਦਦ ਕਰਨ ਲਈ ਉਸ ਨੂੰ ਕਈ ਵਾਰ ਉੱਠਣਾ ਪੈਂਦਾ ਸੀ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।