ਅਮਰੀਕਾ: 15 ਸਾਲਾ ਮੁੰਡੇ ਨੇ ਸਕੂਲ ’ਚ ਅੰਨ੍ਹੇਵਾਹ ਕੀਤੀ ਗੋਲੀਬਾਰੀ, 3 ਵਿਦਿਆਰਥੀਆਂ ਦੀ ਮੌਤ
Wednesday, Dec 01, 2021 - 10:51 AM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਸਥਿਤ ਮਿਸ਼ੀਗਨ ਦੇ ਇਕ ਹਾਈ ਸਕੂਲ ਵਿਚ 15 ਸਾਲਾ ਵਿਦਿਆਰਥੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿਚ 3 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ 8 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ 'ਚ ਇਕ 14 ਸਾਲਾ ਲੜਕੀ ਵੀ ਸ਼ਾਮਲ ਹੈ। ਜ਼ਖ਼ਮੀ ਲੜਕੀ ਨੂੰ ਸਰਜਰੀ ਤੋਂ ਬਾਅਦ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ WHO ਨੇ ਜਾਰੀ ਕੀਤੀ ‘ਹਾਈ ਰਿਸਕ’ ਦੀ ਚਿਤਾਵਨੀ
ਓਕਲੈਂਡ ਕਾਉਂਟੀ ਸ਼ੈਰਿਫ (ਲਾਅ ਇਨਫੋਰਸਮੈਂਟ ਅਫਸਰ) ਮਾਈਕਲ ਬੂਚਾਰਡ ਨੇ ਕਿਹਾ ਕਿ ਜਾਂਚਕਰਤਾ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਕਸਫੋਰਡ ਟਾਊਨਸ਼ਿਪ ਦੇ ਆਕਸਫੋਰਡ ਹਾਈ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦਾ ਉਦੇਸ਼ ਕੀ ਸੀ। ਕਰੀਬ 22 ਹਜ਼ਾਰ ਦੀ ਆਬਾਦੀ ਵਾਲਾ ਇਹ ਸ਼ਹਿਰ ਡੇਟਰਾਇਟ ਤੋਂ ਕਰੀਬ 48 ਕਿਲੋਮੀਟਰ ਦੂਰ ਸਥਿਤ ਹੈ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਫੋਨ ਨੰਬਰ 911 'ਤੇ ਸਕੂਲ 'ਚ ਹਮਲਾਵਰ ਦੀ ਮੌਜੂਦਗੀ ਦੀ ਸੂਚਨਾ ਦੇਣ ਲਈ ਕਰੀਬ 100 ਫੋਨ ਆਏ ਅਤੇ ਤੁਰੰਤ ਪੁਲਸ ਮੌਕੇ 'ਤੇ ਪਹੁੰਚ ਗਈ | ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮੀਆਂ ਨੇ ਮੌਕੇ 'ਤੇ ਪਹੁੰਚਣ ਦੇ ਕੁੱਝ ਮਿੰਟਾਂ ਵਿਚ ਹੀ ਹਮਲਾਵਰ ਵਿਦਿਆਰਥੀ ਨੂੰ ਕਾਬੂ ਕਰ ਲਿਆ। ਅਧਿਕਾਰੀਆਂ ਦੇ ਪਹੁੰਚਣ 'ਤੇ ਉਸ ਨੇ ਆਪਣੇ ਹੱਥ ਖੜ੍ਹੇ ਕਰ ਲਏ ਸਨ।
ਬੂਚਾਰਡ ਨੇ ਦੱਸਿਆ ਕਿ 14 ਤੋਂ 17 ਸਾਲ ਦੀ ਉਮਰ ਦੇ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਉਥੇ ਹੀ ਇਕ ਗੋਲੀ ਅਧਿਆਪਕ ਦੇ ਮੋਢੇ ਨੂੰ ਛੂਹ ਕੇ ਨਿਕਲ ਗਈ ਸੀ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਪਰ 14 ਤੋਂ 17 ਸਾਲ ਦੀ ਉਮਰ ਦੇ 7 ਵਿਦਿਆਰਥੀ ਹਸਪਤਾਲ ਵਿਚ ਦਾਖ਼ਲ ਹਨ ਅਤੇ ਉਨ੍ਹਾਂ ਨੂੰ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹਮਲਾਵਰ ਵਿਦਿਆਰਥੀ ਨੇ ਪੁਲਸ ਅੱਗੇ ਆਤਮ ਸਮਰਪਣ ਕੀਤਾ ਤਾਂ ਉਸ ਸਮੇਂ ਬੰਦੂਕ ਵਿਚ 7 ਰਾਊਂਡ ਹੋਰ ਗੋਲੀਆਂ ਬਚੀਆਂ ਸਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।