ਬਲੋਚਿਸਤਾਨ ’ਚ ਅੱਤਵਾਦੀਆਂ ਦੀ ਮਦਦ ਕਰਨ ਵਾਲੇ 15 ਸੁਰੱਖਿਆ ਕਰਮਚਾਰੀ ਨੌਕਰੀ ਤੋਂ ਮੁਅੱਤਲ
Monday, Jan 13, 2025 - 05:08 PM (IST)
ਗੁਰਦਾਸਪੁਰ/ਬਲੋਚਿਸਤਾਨ (ਏਜੰਸੀ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਖੁਜ਼ਦਾਰ ਕਸਬੇ ’ਚ 15 ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੇ ਅੱਤਵਾਦੀਆਂ ਦੀ ਮਦਦ ਕੀਤੀ ਸੀ ਅਤੇ ਲੋਕਾਂ ਨੂੰ ਅਗਵਾ ਕਰ ਲਿਆ ਗਿਆ ਸੀ। ਉਨ੍ਹਾਂ ਨੇ ਅੱਤਵਾਦੀਆਂ ਨੂੰ ਸਰਕਾਰੀ ਹਥਿਆਰ ਵੀ ਸੌਂਪੇ ਸਨ। ਸਰਹੱਦ ਪਾਰ ਸੂਤਰਾਂ ਅਨੁਸਾਰ, ਮੋਟਰਸਾਈਕਲਾਂ ਅਤੇ ਵਾਹਨਾਂ ’ਤੇ ਸਵਾਰ ਲਗਭਗ 80 ਅੱਤਵਾਦੀ ਖੁਜ਼ਦਾਰ ਦੀ ਜੇਹਰੀ ਤਹਿਸੀਲ ’ਚ ਦਾਖਲ ਹੋਏ ਅਤੇ ਲੇਵੀਜ਼ ਸਟੇਸ਼ਨ, ਨਾਦਰਾ ਦਫ਼ਤਰ ਅਤੇ ਨਗਰ ਕਮੇਟੀ ਸਮੇਤ ਕਈ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਕੁਝ ਲੇਵੀ ਕਰਮਚਾਰੀਆਂ ਨੂੰ ਵੀ ਬੰਦੀ ਬਣਾ ਲਿਆ। ਉਨ੍ਹਾਂ ਦੇ ਹਥਿਆਰ, ਸਰਕਾਰੀ ਵਾਹਨ ਖੋਹ ਲਏ ਅਤੇ ਭੱਜ ਗਏ। ਉਦੋਂ ਤੋਂ ਬਲੋਚਿਸਤਾਨ ਸਰਕਾਰ ਦੇ ਉੱਚ ਅਧਿਕਾਰੀ ਸ਼ੱਕ ਕਰ ਰਹੇ ਹਨ ਕਿ ਬਚੇ ਹੋਏ 15 ਸੁਰੱਖਿਆ ਕਰਮਚਾਰੀਆਂ ਨੇ ਅੱਤਵਾਦੀਆਂ ਦੀ ਮਦਦ ਕੀਤੀ ਹੋ ਸਕਦੀ ਹੈ। ਬਲੋਚਿਸਤਾਨ ਸਰਕਾਰ ਨੇ ਸਥਾਨਕ ਪ੍ਰਸ਼ਾਸਨ ਵੱਲੋਂ ਦੇਰੀ ਨਾਲ ਜਵਾਬ ਦੇਣ ਦਾ ਨੋਟਿਸ ਲਿਆ ਅਤੇ ਜਾਂਚ ਦੇ ਹੁਕਮ ਦਿੱਤੇ।
ਹਾਲਾਂਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਖੁਜ਼ਦਾਰ ਦੇ ਡਿਪਟੀ ਕਮਿਸ਼ਨਰ ਯਾਸੀਰ ਇਕਬਾਲ ਦਸ਼ਤੀ ਨੇ 15 ਲੇਵੀ ਕਰਮਚਾਰੀਆਂ ਨੂੰ ਇਹ ਕਹਿੰਦੇ ਹੋਏ ਬਰਖਾਸਤ ਕਰ ਦਿੱਤਾ ਕਿ ਉਨ੍ਹਾਂ ਦੀ ਡਿਊਟੀ ’ਚ ਲਾਪ੍ਰਵਾਹੀ ਅਤੇ ਅੱਤਵਾਦੀਆਂ ਨਾਲ ਉਨ੍ਹਾਂ ਦੀ ਸ਼ਮੂਲੀਅਤ ਕਾਰਨ ਜਾਂਚ ਦੀ ਕੋਈ ਲੋੜ ਨਹੀਂ ਹੈ। ਸੂਤਰਾਂ ਅਨੁਸਾਰ ਖੁਜ਼ਦਾਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੇ ਹਮਲੇ ਦੌਰਾਨ ਲੇਵੀਜ਼ ਦੇ ਜਵਾਨਾਂ ਨੇ ਕਾਇਰਤਾ ਦਿਖਾਈ ਅਤੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਨੇ ਖੁਦ ਸਰਕਾਰੀ ਹਥਿਆਰ ਅੱਤਵਾਦੀਆਂ ਨੂੰ ਸੌਂਪ ਦਿੱਤੇ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਵੱਡਾ ਹਮਲਾ ਅੱਤਵਾਦੀਆਂ ਨਾਲ ਉਨ੍ਹਾਂ ਦੀ ਮਿਲੀਭੁਗਤ ਕਾਰਨ ਹੋਇਆ ਸੀ।