ਕਰਾਚੀ ’ਚ 14 ਸਾਲਾ ਈਸਾਈ ਲੜਕੀ ਨੂੰ ਅਗਵਾ ਕਰਕੇ ਕੀਤਾ ਸਮੂਹਿਕ ਜਬਰ-ਜ਼ਿਨਾਹ
Friday, Jun 04, 2021 - 01:33 PM (IST)
ਗੁਰਦਾਸਪੁਰ/ਕਰਾਚੀ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇਕ 14 ਸਾਲਾ ਈਸਾਈ ਭਾਈਚਾਰੇ ਦੀ ਲੜਕੀ ਸਾਜਿਆਂ ਵਾਰਿਸ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਅਤੇ ਘਟਨਾ ਦੇ 25 ਘੰਟੇ ਬੀਤ ਜਾਣ ਤੋਂ ਬਾਅਦ ਇਕ ਸਾਜ਼ਿਸ਼ ਅਧੀਨ ਉਸ ਦਾ ਮੈਡੀਕਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ 14 ਸਾਲਾ ਈਸਾਈ ਲੜਕੀ ਸਾਜਿਆਂ ਵਾਰਿਸ ਨੂੰ ਕਰਾਚੀ ਦੇ ਬਾਹਰੀ ਇਲਾਕੇ ਈਸਾਈ ਬਸਤੀ ਕੋਲੋਂ ਕਾਰ ਸਵਾਰਾਂ ਨੇ ਕੱਲ ਸਵੇਰੇ ਤਕਰੀਬਨ 10 ਵਜੇ ਉਸ ਸਮੇਂ ਅਗਵਾ ਕੀਤਾ, ਜਦੋਂ ਉਹ ਆਪਣੀ ਇਕ ਸਹੇਲੀ ਨਾਲ ਬਾਜ਼ਾਰ ਜਾ ਰਹੀ ਸੀ।
ਇਹ ਵੀ ਪੜ੍ਹੋ : ਛੋਟੂ ਗੈਂਗ ਨੇ ਅਗਵਾ ਕੀਤੇ ਦੋ ਪੁਲਸ ਕਰਮਚਾਰੀ, PAK ਸਰਕਾਰ ਨੂੰ ਦਿੱਤੀ ਇਹ ਚੇਤਾਵਨੀ
ਕਾਰ ਸਵਾਰਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕਰ ਕੇ ਲੱਗਭਗ 12 ਵਜੇ ਬਸਤੀ ਦੇ ਬਾਹਰ ਛੱਡ ਕੇ ਭੱਜ ਗਏ। ਸਾਜਿਆਂ ਨੇ ਘਰ ਪਹੁੰਚ ਕੇ ਸਾਰੀ ਗੱਲ ਪਰਿਵਾਰ ਵਾਲਿਆਂ ਨੂੰ ਦੱਸੀ ਅਤੇ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵਾਲਿਆਂ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਹਸਪਤਾਲ ਤੋਂ ਮੈਡੀਕਲ ਕਰਵਾਓ, ਜਿਸ ’ਤੇ ਸਾਜਿਆਂ ਨੂੰ ਜਿੱਨਾਹ ਹਸਪਤਾਲ ਕਰਾਚੀ ਲਿਆਂਦਾ ਗਿਆ ਪਰ ਉਥੇ ਮਹਿਲਾ ਡਾਕਟਰ ਨਾ ਹੋਣ ਕਾਰਨ ਸਾਜਿਆਂ ਦਾ ਮੈਡੀਕਲ ਨਹੀਂ ਹੋ ਸਕਿਆ ਅਤੇ ਅੱਜ ਕਿਸੇ ਦੂਜੇ ਹਸਪਤਾਲ ਤੋਂ ਮਹਿਲਾ ਡਾਕਟਰ ਨੂੰ ਬੁਲਾ ਕੇ ਤਕਰੀਬਨ 12.30 ਵਜੇ ਸਾਜਿਆਂ ਦਾ ਮੈਡੀਕਲ ਕਰਵਾਇਆ ਗਿਆ। ਸਾਜਿਆਂ ਦੀ ਮਾਂ ਨੇ ਦੋਸ਼ ਲਗਾਇਆ ਕਿ ਸਾਡੀ ਲੜਕੀ ਲਹੂ-ਲਹਾਨ ਹੋਣ ਦੇ ਬਾਵਜੂਦ ਹਸਪਤਾਲ ’ਚ ਨਾ ਤਾਂ ਉਸ ਦਾ ਮੈਡੀਕਲ ਸਮੇਂ ’ਤੇ ਕੀਤਾ ਗਿਆ ਅਤੇ ਨਾ ਹੀ ਇਲਾਜ ਕੀਤਾ ਗਿਆ। ਅਸੀਂ ਸਾਰੀ ਰਾਤ ਡਾਕਟਰਾਂ ਦੀਆਂ ਮਿੰਨਤਾਂ ਕਰਦੇ ਰਹੇ ਪਰ ਕਿਸੇ ਨੇ ਸਾਡੀ ਨਹੀਂ ਸੁਣੀ।
ਇਹ ਵੀ ਪੜ੍ਹੋ : ਟਵਿੱਟਰ ਨੇ ਨਾਈਜੀਰੀਆਈ ਰਾਸ਼ਟਰਪਤੀ ਦਾ ਧਮਕੀ ਭਰਿਆ ਟਵੀਟ ਕੀਤਾ ਡਿਲੀਟ
ਕਰਾਚੀ ਦੇ ਪਾਸਟਰ ਜਮੀਦ ਮਸੀਹ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਵਿਚ ਜਿਸ ਤਰ੍ਹਾਂ ਈਸਾਈ ਸਮੇਤ ਗੈਰ-ਮੁਸਲਿਮ ਲੜਕੀਆਂ ਨੂੰ ਪ੍ਰਤੀ ਦਿਨ ਅਗਵਾ ਕਰਕੇ ਜਬਰ-ਜ਼ਿਨਾਹ ਦੀਆਂ ਘਟਨਾਵਾਂ ਹੋ ਰਹੀਆਂ ਹਨ, ਉਹ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਸਿੰਧ ਸਰਕਾਰ ਤੋਂ ਗੈਰ-ਮੁਸਲਿਮਾਂ, ਵਿਸ਼ੇਸ ਕਰਕੇ ਈਸਾਈ ਤੇ ਹਿੰਦੂ ਭਾਈਚਾਰਿਆਂ ਦੀਆਂ ਲੜਕੀਆਂ ਦੀ ਸੁਰੱਖਿਆ ਦੀ ਗੁਹਾਰ ਲਗਾਈ ਹੈ।