14 ਬੱਚਿਆਂ ਦੀ ਮਾਂ ਨੇ ਇਕੱਲੇ ਖੜ੍ਹਾ ਕਰ ਦਿੱਤਾ ਕਰੋੜਾਂ ਦਾ ਕਾਰੋਬਾਰ
Sunday, Nov 26, 2017 - 05:35 AM (IST)

ਵਰਜੀਨੀਆ — ਅਮਰੀਕਾ ਦੇ ਵਰਜੀਨੀਆ ਦੀ ਰਹਿਣ ਵਾਲੀ ਤੰਮੀ ਉਮਬੇਲ ਨੇ 17 ਸਾਲ ਦੀ ਮਿਹਨਤ ਦੇ ਜ਼ੋਰ 'ਤੇ ਕਰੋੜਾਂ ਦਾ ਕਾਰੋਬਾਰ ਖੜ੍ਹਾ ਕਰ ਦਿੱਤਾ। ਉਹ ਨਾ ਸਿਰਫ ਸਫਲ ਵਪਾਰੀ ਬਣੀ, ਸਗੋਂ ਉਸਨੇ ਆਪਣੇ ਬੱਚਿਆਂ ਨੂੰ ਖੁਦ ਹੀ ਸਿੱਖਿਆ ਦਿੱਤੀ। ਉਸਦੇ 14 ਬੱਚੇ ਹਨ। ਉਸਨੇ ਇਹ ਵਪਾਰ ਬਿਨਾਂ ਕਿਸੇ ਬੈਂਕ ਲੋਨ ਅਤੇ ਨਿਵੇਸ਼ਕ ਦੇ ਖੜ੍ਹਾ ਕਰ ਦਿੱਤਾ। ਉਮਬੇਲ ਆਪਣੇ ਬਿਜ਼ਨਸ ਦੇ ਨਾਲ-ਨਾਲ ਬੱਚਿਆਂ ਨੂੰ ਪੜ੍ਹਾਉਣ ਦਾ ਵੀ ਕੰਮ ਕਰਦੀ ਹੈ, ਇਸ ਲਈ ਬੱਚਿਆਂ ਨੂੰ ਸਕੂਲ ਭੇਜਣ ਦੀ ਥਾਂ ਉਨ੍ਹਾਂ ਨੂੰ ਘਰ ਹੀ ਪੜ੍ਹਾਇਆ।
ਹੁਣ ਉਸਦੇ ਚਾਰ ਬੱਚੇ ਕਾਲਜ 'ਚ ਪੜ੍ਹਦੇ ਹਨ ਅਤੇ ਬਾਕੀਆਂ ਦੀ ਪੜ੍ਹਾਈ ਘਰ ਹੀ ਚੱਲ ਰਹੀ ਹੈ। ਆਪਣੇ ਕੰਮ ਦੇ ਸਿਲਸਿਲੇ ਵਿਚ ਉਮਬੇਲ ਨੂੰ ਕਈ ਦੇਸ਼ਾਂ ਦੀ ਯਾਤਰਾ ਕਰਨੀ ਪੈਂਦੀ ਹੈ। ਇਸ ਦੌਰਾਨ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਹੀ ਲੈ ਜਾਂਦੀ ਹੈ। ਉਮਬੇਲ ਦਾ ਮੰਨਣਾ ਹੈ ਕਿ ਯਾਤਰਾ ਕਰਨਾ ਬੱਚਿਆਂ ਦੀ ਪੜ੍ਹਾਈ ਦਾ ਹਿੱਸਾ ਹੈ। ਘੱਟ ਸਮੇਂ ਵਿਚ ਉਮਬੇਲ ਨੇ ਜੋ ਬਿਜ਼ਨਸ ਖੜ੍ਹਾ ਕੀਤਾ, ਉਸਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਸਨੇ ਪੁਰਾਣੇ ਤਰੀਕੇ ਨਾਲ ਬਿਜ਼ਨਸ ਕੀਤਾ। ਉਸ ਦੀ ਕੰਪਨੀ ਸ਼ਿਆ ਟੇਰਾ ਨੇ ਆਰਗੈਨਿਕ ਦੀ ਸ਼ੁਰੂਆਤ ਕੀਤੀ, ਜੋ ਕਿ ਨੈਚੁਰਲ ਬੌਡੀ ਪ੍ਰੋਡਕਟ ਬਣਾਉਣ ਲਈ ਆਦਿਵਾਸੀ ਸਮੂਹਾਂ, ਮਿਸਰ, ਮੋਰੱਕੋ, ਨਾਮੀਬੀਆ ਅਤੇ ਤਨਜਾਨੀਆ ਵਰਗੇ ਦੇਸ਼ਾਂ ਤੋਂ ਕੱਚਾ ਮਾਲ ਮੰਗਵਾਉਂਦੀ ਸੀ।