ਡ੍ਰੈਗਨ ਦਾ ਦਾਅਵਾ, 2014 ਤੋਂ ਹੁਣ ਤੱਕ 13,000 ਅੱਤਵਾਦੀ ਗ੍ਰਿਫਤਾਰ
Monday, Mar 18, 2019 - 05:54 PM (IST)
ਬੀਜਿੰਗ— ਚੀਨ ਦੇ ਸ਼ਿਨਜਿਆਂਗ ਸੂਬੇ ਦੇ ਪੱਛਮੀ ਇਲਾਕੇ 'ਚ ਅਧਿਕਾਰੀਆਂ ਨੇ ਸਾਲ 2014 ਤੋਂ ਹੁਣ ਤੱਕ ਲਗਭਗ 13 ਹਜ਼ਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਇਕ ਲੰਬੇ ਨੀਤੀਪੱਤਰ 'ਚ ਆਪਣੇ ਵਿਵਾਦਗ੍ਰਸਤ ਇਸਲਾਮੀ ਕੱਟੜਪੰਥੀ ਉਪਾਅ ਦਾ ਬਚਾਅ ਕਰਦੇ ਹੋਏ ਦਿੱਤੀ ਗਈ।
ਚੀਨ ਨੂੰ ਅਜਿਹੇ ਕੇਂਦਰ ਬਣਾਉਣ ਲਈ ਗਲੋਬਲ ਮੰਚ 'ਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਮਾਹਰ ਨਿਰੋਧਕ ਕੇਂਦਰ (ਡਿਟੈਂਸ਼ਨ ਸੈਂਟਰ) ਕਹਿੰਦੇ ਹਨ ਤੇ ਉਥੇ 10 ਲੱਖ ਤੋਂ ਜ਼ਿਆਦਾ ਉਈਗਰ ਤੇ ਹੋਰ ਮੁਲਸਮਾਨਾਂ ਨੂੰ ਰੱਖਿਆ ਗਿਆ ਹੈ। ਉਥੇ ਚੀਨ ਦਾ ਇਸ 'ਤੇ ਕਹਿਣਾ ਹੈ ਕਿ ਉਸ ਨੂੰ ਇਸਲਾਮੀ ਉਗਰਵਾਦ ਲਈ ਉਪਾਅ ਦੀ ਲੋੜ ਹੈ। ਚੀਨ ਇਨ੍ਹਾਂ ਨੂੰ ਵਪਾਰਕ ਸਿਖਲਾਈ ਕੇਂਦਰ ਕਹਿੰਦਾ ਹੈ।
ਚੀਨੀ ਸਰਕਾਰ ਨੇ ਆਪਣੇ ਇਕ ਨੀਤੀਪੱਤਰ 'ਚ ਕਿਹਾ ਕਿ ਦੇਸ਼ ਦੇ ਕਾਨੂੰਨੀ ਅਧਿਕਾਰੀਆਂ ਨੇ ਇਕ ਨੀਤੀ ਦੀ ਚੋਣ ਕੀਤੀ ਹੈ ਜੋ ਕਿ ਰਹਿਮ ਤੇ ਗੰਭੀਰਤਾ ਵਿਚਾਲੇ ਸਹੀ ਸੰਤੁਲਨ ਬਣਾਉਂਦੀ ਹੈ। ਚੀਨ ਦੇ ਮੁਤਾਬਕ ਸਾਲ 2014 ਤੋਂ ਸ਼ਿਨਜਿਆਂਗ 'ਚ 1588 ਹਿੰਸਕ ਗੁੱਟ ਨਸ਼ਟ ਕੀਤੇ ਗਏ, 12,995 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ, 2025 ਧਮਾਕਾਖੇਜ਼ ਉਪਕਰਨਾਂ ਨੂੰ ਜ਼ਬਤ ਕੀਤਾ ਗਿਆ, 30,645 ਲੋਕਾਂ ਨੂੰ 4858 ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਰਹਿਣ 'ਤੇ ਸਜ਼ਾ ਦਿੱਤੀ ਗਈ ਤੇ ਗੈਰ-ਕਾਨੂੰਨੀ ਸਮੱਗਰੀਆਂ ਦੀਆਂ 3,45,229 ਕਾਪੀਆਂ ਜ਼ਬਤ ਕੀਤੀਆਂ ਗਈਆਂ ਹਨ।