ਪਾਕਿਸਤਾਨ ''ਚ ਮਾਨਸੂਨ ਦੀ ਸ਼ੁਰੂਆਤ ਤੋਂ ਹੁਣ ਤੱਕ 125 ਲੋਕਾਂ ਦੀ ਮੌਤ:ਐੱਨ.ਡੀ.ਐੱਮ.ਏ.

08/29/2020 8:04:47 PM

ਇਸਲਾਮਾਬਾਦ(ਭਾਸ਼ਾ): ਪਾਕਿਸਤਾਨ ਵਿਚ ਪਿਛਲੇ ਢਾਈ ਮਹੀਨਿਆਂ ਤੋਂ ਹੁਣ ਤੱਕ ਮਾਨਸੂਨ ਵਿਚ ਮੀਂਹ ਸਬੰਧੀ ਹਾਦਸਿਆਂ ਵਿਚ ਘੱਟ ਤੋਂ ਘੱਟ 125 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 71 ਹੋਰ ਜ਼ਖਮੀ ਹੋਏ ਹਨ। ਪਾਕਿਸਤਾਨੀ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੇ ਇਹ ਜਾਣਕਾਰੀ ਦਿੱਤੀ ਹੈ।

ਐੱਨ.ਡੀ.ਐੱਮ.ਏ. ਦੇ ਅੰਕੜਿਆਂ ਮੁਤਾਬਕ 15 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਤੋਂ ਖੈਬਰ-ਪਖਤੂਨਖਵਾ ਸੂਬੇ ਵਿਚ 43 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਿੰਧ ਵਿਚ 34, ਬਲੋਚਿਸਤਾਨ ਵਿਚ 17, ਪੰਜਾਬ ਵਿਚ 14, ਗਿਲਗਿਤ-ਬਾਲਟਿਸਤਾਨ ਵਿਚ 11 ਤੇ ਮਕਬੂਜਾ ਕਸ਼ਮੀਰ ਵਿਚ 6 ਲੋਕਾਂ ਦੀ ਮੌਤ ਹੋਈ ਹੈ। ਐੱਨ.ਡੀ.ਐੱਮ.ਏ. ਨੇ ਕਿਹਾ ਕਿ ਜਾਨ ਗੁਆਉਣ ਵਾਲੇ ਲੋਕਾਂ ਵਿਚ 59 ਪੁਰਸ਼, 13 ਜਨਾਨੀਆਂ ਤੇ 53 ਬੱਚੇ ਸ਼ਾਮਲ ਹਨ। ਜ਼ਖਮੀਆਂ ਵਿਚ 37 ਖੈਬਰ-ਪਖਤੂਨਖਵਾ ਸੂਬੇ ਤੋਂ ਹਨ। ਬਲੋਚਿਸਤਾਨ ਵਿਚ 13 ਲੋਕ, ਸਿੰਧ ਵਿਚ 9, ਪੰਜਾਬ ਵਿਚ 8 ਤੇ ਗਿਲਗਿਤ-ਬਾਲਟਿਸਤਾਨ ਵਿਚ ਚਾਰ ਲੋਕ ਜ਼ਖਮੀ ਹੋਏ ਹਨ। ਐੱਨ.ਡੀ.ਐੱਮ.ਏ. ਮੁਤਾਬਕ ਮੀਂਹ, ਹੜ੍ਹ ਤੇ ਜ਼ਮੀਨ ਖਿਸਕਣ ਕਾਰਣ 951 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਜਦਕਿ 356 ਹੋਰ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਹੁਣ ਤੱਕ ਮੀਂਹ ਤੇ ਇਸ ਨਾਲ ਸਬੰਧਿਤ ਘਟਨਾਵਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਤਕਰੀਬਨ 410 ਟਨ ਭੋਜਨ ਪ੍ਰਦਾਨ ਕੀਤਾ ਹੈ। ਉਨ੍ਹਾਂ ਹੋਰ ਸਾਮਾਨ ਤੋਂ ਇਲਾਵਾ 14,985 ਤੰਬੂ, 2,956 ਕੰਬਲ ਤੇ 2,200 ਮੱਛਰਦਾਨੀਆਂ ਦਿੱਤੀਆਂ ਗਈਆਂ ਹਨ।


Baljit Singh

Content Editor

Related News